ਲੁਧਿਆਣਾ : ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹਰ ਹੀਲੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।
ਸਥਾਨਕ ਲਾਲਾ ਜਗਤ ਨਰਾਇਣ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਗਿਆਨ ਸੱਥਲ ਮੰਦਰ ਸਭਾ ਵੱਲੋਂ ਕਰਵਾਏ ਗਏ 301ਵੇਂ ਰਾਸ਼ਨ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ਬਣਦਾ ਹੈ।
ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਹਿੰਦ ਸਮਾਚਾਰ ਸਮੂਹ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਲਾਲਾ ਜਗਤ ਨਰਾਇਣ ਅਤੇ ਰਮੇਸ਼ ਜੀ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਸਮਾਜ ਹਮੇਸ਼ਾ ਯਾਦ ਰੱਖੇਗਾ।
ਉਨ੍ਹਾਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੂਬੇ ਦੀ ਸ਼ਾਂਤੀ ਨੂੰ ਲੀਹੋਂ ਲਾਹੁਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀਆਂ ਤਾਕਤਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਹੱਥ ਮਿਲਾਉਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਭਾਵੇਂ 1980 ਦੇ ਦਹਾਕੇ ਵਿੱਚ ਪੰਜਾਬ ਅੱਤਵਾਦ ਦਾ ਗੜ੍ਹ ਸੀ ਪਰ ਹਿੰਦ ਸਮਾਚਾਰ ਸਮੂਹ ਸੂਬੇ ਨੂੰ ਇਸ ਖਤਰੇ ਤੋਂ ਬਚਾਉਣ ਲਈ ਬਹਾਦਰੀ ਨਾਲ ਅੱਗੇ ਆਇਆ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਸੂਬੇ ਵਿੱਚ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਹਰ ਕੁਰਬਾਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਹਿੱਤਾਂ ਨੂੰ ਪਹਿਲ ਦੇਣ ਲਈ ਸਮੁੱਚਾ ਸੂਬਾ ਹਿੰਦ ਸਮਾਚਾਰ ਸਮੂਹ ਦਾ ਰਿਣੀ ਹੈ। ਸ੍ਰੀ ਜਿੰਪਾ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਸੰਸਥਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਹਿੰਦ ਸਮਾਚਾਰ ਸਮੂਹ ਦੇ ਅਭਿਜੈ ਚੋਪੜਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਬੱਸੀ ਗੋਗੀ, ਹਰਦੀਪ ਸਿੰਘ ਮੁੰਡੀਆਂ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਆਪ ਦੇ ਜ਼ਿਲ੍ਹਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਸੇਵਾਮੁਕਤ ਡੀ.ਜੀ.ਪੀ. ਡੀ ਆਰ ਭੱਟੀ ਅਤੇ ਹੋਰ ਵੀ ਮੌਜੂਦ ਸਨ।