ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੀ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਸੀਨੀਅਰ ਉਪ ਪ੍ਰਧਾਨ ਬਲਰਾਜ ਸਿੰਘ ਨੇ ਦੱਸਿਆ ਕਿ 6ਵੇਂ ਪੇਅ ਕਮਿਸ਼ਨ ਦੇ ਮੁਤਾਬਕ ਤਨਖ਼ਾਹ ਅਤੇ ਏਰੀਅਰ ਨਾ ਮਿਲਣ ਨੂੰ ਲੈ ਕੇ ਯੂਨੀਅਨ ਪਿਛਲੇ 7 ਮਹੀਨਿਆਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਲਈ ਯੂਨੀਅਨ ਨੇ ਇਹ ਫ਼ੈਸਲਾ ਲਿਆ ਹੈ ਕਿ 12 ਸਤੰਬਰ ਨੂੰ ਮੁਲਾਜ਼ਮ ਪੂਰੇ ਦਿਨ ਦੀ ਹੜਤਾਲ ਕਰਨਗੇ।
ਮੁਲਾਜ਼ਮ ਨੇਤਾਵਾਂ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ ਤਾਂ ਫਿਰ ਮੁਲਾਜ਼ਮ 19 ਸਤੰਬਰ ਨੂੰ ਸਾਰੀਆਂ ਸੇਵਾਵਾਂ ਠੱਪ ਕਰਕੇ ਹੜਤਾਲ ਸ਼ੁਰੂ ਕਰ ਦੇਣਗੇ ਅਤੇ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਿਖ਼ਤੀ ਤੌਰ ‘ਤੇ ਭਰੋਸਾ ਨਹੀਂ ਦਿੱਤਾ ਜਾਂਦਾ।