ਲੁਧਿਆਣਾ : ਅਕਾਦਮਿਕ ਤੇ ਖੇਡ ਖੇਤਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਵਿਖੇ ਪੰਜਾਬ ਸਰਕਾਰ ਦੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਜਿੱਥੇ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀਆਂ ਖੇਡਾਂ ਦੀ ਸਫਲਤਾ ਪੂਰਵਕ ਸਮਾਪਤੀ ਹੋਈ ਉਥੇ ਇਨ੍ਹਾਂ ਖੇਡਾਂ ਵਿਚ ਵੀ ਸੁਧਾਰ ਕਾਲਜ ਨੇ ਆਪਣਾ ਨਾਂ ਚਮਕਾਇਆ।
ਇਨ੍ਹਾਂ ਖੇਡਾਂ ਦੇ ਕਨਵੀਨਰ ਸ਼੍ਰੀ ਗੁਰਪ੍ਰੀਤ ਮੱਲ੍ਹੀ ਅਤੇ ਕੋ-ਕਨਵੀਨਰ ਡਾ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਵਰਗਾਂ ਦੇ ਐਥਲੈਟਿਕਸ, ਫੁੱਟਬਾਲ, ਰੱਸਾ-ਕੱਸ਼ੀ, ਬਾਲੀਵਾਲ, ਖੋ-ਖੋ, ਕਬੱਡੀ ਰਾਸ਼ਟਰੀ ਤੇ ਪੰਜਾਬ ਸਟਾਇਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਇਕ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।
ਖਾਲਸਾ ਕਾਲਜ, ਸੁਧਾਰ ਨੇ ਫੁੱਟਬਾਲ ਲੜਕੇ, ਫੁੱਟਬਾਲ ਲੜਕੀਆਂ ਤੇ ਰੱਸਾ-ਕੱਸ਼ੀ ਲੜਕੀਆਂ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਰੱਸਾ-ਕੱਸ਼ੀ ਲੜਕੀਆਂ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ ਦੀ ਟੀਮ ਸਿੱਧੇ ਰੂਪ ਵਿਚ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹੁੰਚ ਗਈ।
ਇਸੇ ਪ੍ਰਕਾਰ ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਸੁਧਾਰ ਦੀ ਸਰਿਤਾ ਕੁਮਾਰੀ, ਮਨਪ੍ਰੀਤ ਕੌਰ ਤੇ ਰਮਨਦੀਪ ਕੌਰ ਸ਼ਾਟ-ਪੁੱਟ ਮੁਕਾਬਲੇ ਵਿਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਡਿਸਕਸ ਥਰੋ ਵਿਚ ਰਮਨਦੀਪ ਕੌਰ, ਰਮਨਦੀਪ ਕੌਰ ਦੂਜੀ, ਤੇ ਸੰਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਦੇ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ ਤੇ ਸੰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਸ਼ਨਦੀਪ ਸਿੰਘ ਨੇ 400 ਮੀਟਰ ਦਾ ਮੁਕਾਬਲਾ ਜਿੱਤਿਆ ਅਤੇ ਇੰਦਰਪ੍ਰੀਤ ਸਿੰਘ ਦੀ ਚੋਣ ਸਿਧੇ ਤੌਰ ‘ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆ ਲਈ ਹੋਈ।
ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ‘ਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਅਤੇ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਮੁਬਾਰਕਬਾਦ ਦਿੱਤੀ। ਇਸ ਮੌਕੇ ਹੋਰਨਾਂ ਸਮੇਤ ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਅਰੁਣ ਕੁਮਾਰ, ਪ੍ਰੋ. ਵਿਨੋਦ ਕੁਮਾਰ, ਪ੍ਰੋ. ਸੁਖਜਿੰਦਰ ਕੌਰ ਤੇ ਖੇਡ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।