ਲੁਧਿਆਣਾ : ਨਗਰ ਨਿਗਮ ਵੱਲੋਂ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਲਈ ਯੋਜਨਾ ਬਣਾਈ ਗਈ। ਇਸ ਦੇ ਤਹਿਤ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਬਚਾਉਣ ਤੋਂ ਇਲਾਵਾ ਟਿਊਬਵੈੱਲ ਚਲਾਉਣ ’ਤੇ ਖ਼ਰਚ ਹੋ ਰਹੀ ਬਿਜਲੀ ਦੀ ਬੱਚਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਨਵੀਆਂ ਯੋਜਨਾ ’ਚ ਵਾਟਰ ਸਪਲਾਈ ਕੁਨੈਕਸ਼ਨ ’ਤੇ ਮੀਟਰ ਲਗਾਉਣ ਦਾ ਪਹਿਲੂ ਵੀ ਸ਼ਾਮਲ ਹੈ।
ਇਸ ਦੀ ਸ਼ੁਰੂਆਤ ਸਮਾਰਟ ਸਿਟੀ ਮਿਸ਼ਨ ਦੇ ਏਰੀਆ ’ਚ ਡੈਮੋ ਬਣਾਉਣ ਦੇ ਰੂਪ ’ਚ ਕਰ ਦਿੱਤੀ ਗਈ ਹੈ ਅਤੇ ਅੱਗੇ ਚੱਲ ਕੇ ਮੀਟਰ ਦੇ ਆਧਾਰ ਪਾਣੀ ਦੇ ਇਸਤੇਮਾਲ ਦੇ ਆਧਾਰ ’ਤੇ ਬਿਲਿੰਗ ਕੀਤੀ ਜਾ ਸਕਦੀ ਹੈ, ਜਿਸ ਨੂੰ ਲੈ ਕੇ ਰਿਪੋਰਟ ਬਣਾਉਣ ਦਾ ਅਧਿਕਾਰ 24 ਘੰਟੇ ਵਾਟਰ ਸਪਲਾਈ ਦੇਣ ਦੇ ਪ੍ਰਾਜੈਕਟ ਨੂੰ ਚਲਾਉਣ ਲਈ ਬਣਾਈ ਜਾ ਰਹੀ ਕੰਪਨੀ ਨੂੰ ਦਿੱਤਾ ਜਾਵੇਗਾ।
ਭਾਵੇਂ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਕੌਂਸਲਰਾਂ ਦੀ ਸਹਿਮਤੀ ਲੈਣ ਲਈ ਹੀ ਹਾਲ ਹੀ ‘ਚ ਉਨ੍ਹਾਂ ਨਾਲ ਮੀਟਿੰਗ ਕਰ ਕੇ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ।