ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਆਪਣੇ ਟੈਲੇਂਟ ਦੇ ਦਮ ‘ਤੇ ਪੰਜਾਬੀ ਇੰਡਸਟਰੀ ‘ਚ ਨਹੀਂ ਸਗੋਂ ਬਾਲੀਵੁੱਡ ‘ਚ ਵੀ ਨਾਂ ਚਕਮਾਇਆ ਹੈ। ਗਿੱਪੀ ਗਰੇਵਾਲ ਅੱਜ ਜਿਸ ਮੁਕਾਮ ‘ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਜੀ-ਤੋੜ ਮਿਹਨਤ ਕੀਤੀ ਹੈ। ਇਸ ਮਿਹਨਤ ਦੇ ਸਦਕਾ ਹੀ ਗਿੱਪੀ ਗਰੇਵਾਲ ਫ਼ਿਲਮ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਬਣੇ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ‘ਤੇ ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਖ਼ਾਸ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ਨੂੰ ਸਾਂਝਾ ਕਰਦਿਆਂ ਗਿੱਪੀ ਨੇ ਪਤਨੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਸਨ।
ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ।
ਗਿੱਪੀ ਗਰੇਵਾਲ ਦੱਸਦੇ ਹਨ ਕਿ ਮੇਰੀ ਰਵਨੀਤ ਨਾਲ ਮੁਲਾਕਾਤ ਕੈਨੇਡਾ ‘ਚ ਹੀ ਹੋਈ ਸੀ। ਉਹ ਇੱਕ ਮਹੀਨੇ ‘ਚ 700-800 ਕੈਨੇਡੀਅਨ ਡਾਲਰ ਦੀ ਕਮਾਈ ਕਰ ਲੈਂਦਾ ਸੀ ਪਰ ਮੈਂ ਸ਼ੁਰੂ ਤੋਂ ਹੀ ਗਾਇਕ ਬਣਨਾ ਚਾਹੁੰਦਾ ਸੀ, ਜਿਸ ਲਈ ਮੈਂ ਕਾਫ਼ੀ ਕੋਸ਼ਿਸ਼ ਕੀਤੀ ਪਰ ਕੋਈ ਮਿਊਜ਼ਿਕ ਕੰਪਨੀ ਮੇਰੇ ‘ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਉਦੋ ਦੌਰ ਬਦਲ ਚੁੱਕਿਆ ਸੀ। ਕੰਪਨੀਆਂ ਨੇ ਸਿੰਗਰਾਂ ‘ਤੇ ਪੈਸੇ ਲਗਾਉਣੇ ਬੰਦ ਕਰ ਦਿੱਤੇ ਸਨ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਅੱਗੇ ਦੱਸਦਿਆਂ ਗਿੱਪੀ ਨੇ ਕਿਹਾ ਕਿ ਉਹ ਘਰੋਂ ਪੈਸੇ ਨਹੀਂ ਮੰਗ ਸਕਦੇ ਸਨ, ਇਸ ਕਰਕੇ ਉਨ੍ਹਾਂ ਨੂੰ ਸਭ ਖੁਦ ਕਰਨਾ ਪਿਆ। ਪਹਿਲੀ ਐਲਬਮ ਲਈ ਪੈਸੇ ਜੋੜਨ ਲਈ ਮੈਂ ਤੇ ਮੇਰੀ ਪਤਨੀ ਰਵਨੀਤ ਨੇ 3 ਨੌਕਰੀਆਂ ਕੀਤੀਆਂ। ਸਾਡਾ ਸਾਰਾ ਦਿਨ ਕੰਮ ‘ਚ ਲੰਘਦਾ ਸੀ। ਅਸੀਂ ਦੋਵੇਂ ਹੀ ਸਵੇਰੇ-ਸਵੇਰੇ ਘਰਾਂ ‘ਚ ਅਖਬਾਰ ਸੁੱਟਦੇ ਸੀ। ਇਸ ਤੋਂ ਬਾਅਦ ਮੈਂ ਫ਼ੈਕਟਰੀ ‘ਚ ਇੱਟਾਂ ਅਤੇ ਮਾਰਬਲ ਦੇ ਪੱਥਰ ਬਣਾਉਣ ਦਾ ਕੰਮ ਕਰਦਾ ਸੀ। 8 ਘੰਟੇ ਦੀ ਇਹ ਨੌਕਰੀ ਮੈਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ। ਦੂਜੇ ਪਾਸੇ ਰਵਨੀਤ ਗਰੇਵਾਲ ਹੋਟਲ ‘ਚ ਸਫ਼ਾਈ ਅਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ।
ਗਿੱਪੀ ਨੇ ਪਤਨੀ ਰਵਨੀਤ ਕੌਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੇਰੀ ਪਤਨੀ ਨੇ ਮੇਰੇ ਸੰਘਰਸ਼ ‘ਚ ਮੇਰਾ ਪੂਰਾ ਸਾਥ ਦਿੱਤਾ ਹੈ। ਜੇਕਰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਇਹ ਮੁਕਾਮ ਨੂੰ ਕਦੇ ਹਾਸਲ ਨਹੀਂ ਕਰ ਸਕਦੇ ਸੀ।
ਰਿਪੋਰਟ ਮੁਤਾਬਕ, ਸਾਲ 2022 ‘ਚ ਗਿੱਪੀ ਗਰੇਵਾਲ ਦੀ ਆਮਦਨ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਉਨ੍ਹਾਂ ਦੀ ਇੱਕ ਮਹੀਨੇ ਦੀ ਕਮਾਈ 40 ਲੱਖ, ਇੱਕ ਸਾਲ ਦੀ ਕਮਾਈ ਕਰੋੜਾਂ ‘ਚ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਹੰਬਲ ਮਿਊਜ਼ਿਕ ਕੰਪਨੀ ਚਲਾਉਂਦੇ ਹਨ, ਜੋ ਕਿ ਇਕ ਸਫ਼ਲ ਕੰਪਨੀ ਹੈ। ਹੰਬਲ ਮਿਊਜ਼ਿਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸਫ਼ਲ ਕਲਾਕਾਰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਸਿੱਧੂ ਮੂਸੇਵਾਲਾ ਵੀ ਇੱਕ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਤਿੰਨ ਪੁੱਤਰ ਏਕਓਮ, ਸ਼ਿੰਦਾ ਤੇ ਗੁਰਬਾਜ਼ ਹਨ, ਜੋ ਹਮੇਸ਼ਾ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਨ੍ਹਾਂ ਤਿੰਨਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ ਪਰ ਗੁਰਬਾਜ਼ ਗਰੇਵਾਲ ਸੋਸ਼ਲ ਮੀਡੀਆ ‘ਤੇ ਅਕਸਰ ਛਾਏ ਰਹਿੰਦੇ ਹਨ। ਗੁਰਬਾਜ਼ ਦਾ ਕਿਊਟ ਅੰਦਾਜ਼ ਸਭ ਨੂੰ ਪਸੰਦ ਆਉਂਦਾ ਹੈ। ਜਦੋਂ ਵੀ ਗੁਰਬਾਜ਼ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੋਈ ਤਸਵੀਰ ਜਾਂ ਵੀਡੀਓ ਸ਼ੇਅਰ ਹੁੰਦੀ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ 2 ਸਤੰਬਰ ਯਾਨੀ ਇਸੇ ਸ਼ੁੱਕਰਵਾਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਤਨੂੰ ਗਰੇਵਾਲ, ਕਰਮਜੀਤ ਅਨਮੋਲ ਤੇ ਰਾਜ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।