ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਜੈਵਿਕ ਕਿਸਾਨਾਂ ਲਈ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ 90 ਕਿਸਾਨਾਂ ਨੇ ਭਾਗ ਲਿਆ।
ਆਗਾਮੀ ਸਿਖਲਾਈ ਪ੍ਰੋਗਰਾਮਾਂ ਬਾਰੇ ਵੇਰਵੇ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪ੍ਰੋਗਰਾਮ ਦੇ ਐਸੋਸੀਏਟ ਡਾਇਰੈਕਟਰ ਨੇ ਖੁਲਾਸਾ ਕੀਤਾ ਕਿ ਆਉਣ ਵਾਲੇ ਭਵਿੱਖ ਵਿੱਚ ਕਿਸਾਨਾਂ ਅਤੇ ਕਿਸਾਨ ਔਰਤਾਂ ਲਈ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਖੇਤੀ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਕਿਸਾਨ ਮੇਲਿਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਕਿਸਾਨੀ ਅਤੇ ਕਿਸਾਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ.ਐਸ.ਐਸ. ਵਾਲੀਆ ਨੇ ਪੀ.ਏ.ਯੂ. ਦੇ ਸੰਯੁਕਤ ਖੇਤੀ ਮਾਡਲ ਨੂੰ ਸਾਂਝਾ ਕੀਤਾ, ਜਦਕਿ ਇਸੇ ਵਿਭਾਗ ਦੇ ਡਾ: ਅਮਨਦੀਪ ਸਿੰਘ ਸਿੱਧੂ ਨੇ ਮਹੀਨੇ ਦੇ ਖੇਤੀ ਵਿਗਿਆਨਿਕ ਤਰੀਕਿਆਂ ਦੀ ਰੂਪ ਰੇਖਾ ਦੱਸੀ। ਹਰਵਿੰਦਰ ਸਿੰਘ, ਅਗਾਂਹਵਧੂ ਕਿਸਾਨ, ਨੇ ਸਬਜ਼ੀਆਂ ਦੇ ਉਤਪਾਦਨ ਬਾਰੇ ਆਪਣੇ ਨਿੱਜੀ ਤਜਰਬਿਆਂ ਬਾਰੇ ਦੱਸਿਆ।
ਐਸ.ਡੀ.ਓ ਸੇਵਾਮੁਕਤ ਬੀਬੀਐਮਬੀ ਸ੍ਰੀ ਤਜਿੰਦਰ ਸਿੰਘ ਢਿੱਲੋਂ ਨੇ ਜੈਵਿਕ ਖੇਤੀ ਵਿੱਚ ਮਨਰੇਗਾ ਨੂੰ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਡਾ.ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ, ਪੀਏਯੂ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਸ੍ਰੀ ਅੰਮ੍ਰਿਤ ਸਿੰਘ ਚਾਹਲ ਨੇ ਧੰਨਵਾਦ ਕੀਤਾ। ਡਾ: ਲਵਲੀਸ਼ ਗਰਗ, ਪਸਾਰ ਵਿਗਿਆਨੀ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।