ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਚ ਅੱਜ ਨਵੇਂ ਸੈਸ਼ਨ ਦਾ ਆਰੰਭ ਕੀਤਾ ਗਿਆ। ਇਸ ਅਸੈਂਬਲੀ ਵਿਚ ਸ਼ੈਸ਼ਨ 2022-23 ਦੀਆਂ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥੀ ਕਾਉਂਸਲ ਦੀਆਂ ਵਿਦਿਆਰਥਣਾਂ ਵੱਲੋਂ ਕਾਲਜ ਗੀਤ ਪੇਸ਼ ਕੀਤਾ ਗਿਆ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਨਵੀਆਂ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ ।
ਉਹਨਾਂ ਨੇ ਕਾਲਜ ਵਿੱਚ ਦਾਖਲ ਹੋਣ ਵਾਲੀਆਂ ਵਿਦਿਆਰਥਣਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਇਸ ਕਾਲਜ ਵਿਚ ਦਾਖਲ ਹੋਈਆਂ ਹਨ। ਉਹਨਾਂ ਆਖਿਆ ਇਹ ਕਾਲਜ ਲੁਧਿਆਣਾ ਦਾ ਹੀ ਨਹੀ ਸਗੋਂ ਪੰਜਾਬ ਦਾ ਸਰਵਉੱਤਮ ਕਾਲਜ ਹੈ, ਜਿਸ ਵਿੱਚ ਪੜ੍ਹਾਈ ਦੇ ਨਾਲ-ਨਾਲ ਵਾਧੂ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ਜੋ ਸ਼ਖਸੀਅਤ ਦੇ ਸੰਮਪੂਰਨ ਨਿਰਮਾਣ ਲਈ ਜ਼ਰੂਰੀ ਹਨ।
ਕਾਲਜ ਦੇ ਵਾਇਸ ਪ੍ਰਿੰਸੀਪਲ ਅਤੇ ਫਿਜਿਕਸ ਵਿਭਾਗ ਦੇ ਮੁਖੀ ਸ. ਬਲਦੇਵ ਸਿੰਘ ਨੇ ਸੀਨੀਅਰ ਟਿਊਟਰਾਂ ਅਤੇ ਟਾਇਮ ਟੇਬਲ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਵੱਖ-ਵੱਖ ਅਧਿਆਪਕਾਂ ਨੇ ਖੇਡਾਂ, ਸਟੂਡੈਂਟ ਕਾਉਂਸਲ, ਕੈਰੀਅਰ ਕੌਂਸਲਿੰਗ / ਪਲੇਸਮੈਂਟ ਸੈੱਲ, ਵਜੀਫ਼ੇ, ਰੋਟਰੈਕਟ ਕਲੱਬ, ਯੂਥ ਕਲੱਬ ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆ ਅਤੇ ਐਂਟੀ ਰੈਗਿੰਗ ਸੈੱਲ, ਐਂਟੀ ਡਰੱਗ ਸੁਸਾਇਟੀ, ਐਨ.ਐਸ.ਐਸ, ਐਨ.ਸੀ.ਸੀ., ਰੈੱਡ-ਕਰਾਸ, ਵੂਮੈਨ ਫੋਰਮ, ਲਾਈਬ੍ਰੇਰੀ ਆਦਿ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਵਿਦਿਆਰਥਣਾਂ ਦੀ ਜਾਣ ਪਹਿਚਾਣ ਟੀਚਿੰਗ , ਨਾਨ-ਟੀਚਿੰਗ ਸਟਾਫ ਅਤੇ ਕਾਲਜ ਨਾਲ ਕਰਵਾਉਣ ਲਈ ਪੀ.ਪੀ.ਟੀ. ਦਿਖਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਸ਼ਰਨਜੀਤ ਕੌਰ ਪਰਮਾਰ ਵੱਲੋਂ ਨਿਭਾਈ ਗਈ। ਇਸ ਮੌਕੇ ਸੀਨੀਅਰ ਸਟਾਫ ਕਾਉਂਸਲ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥਣਾਂ ਹਾਜ਼ਰ ਸਨ।