ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਦਿਨਾਂ ਵਰਕਸ਼ਾਪ ਸਮਾਪਤ ਹੋ ਗਈ । ਖੇਤੀਬਾੜੀ ਵਿਭਾਗ ਅਤੇ ਪੀਏਯੂ ਦੇ ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਇਸ ਵਰਕਸ਼ਾਪ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਖੇਤਾਂ ਵਿੱਚ ਚੱਲ ਰਹੇ ਤਜਰਬਿਆਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਉੱਪਰ ਭਰਪੂਰ ਚਰਚਾ ਹੋਈ । ਇਸ ਤੋਂ ਇਲਾਵਾ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨਾਲੋਜੀ ਦੀਆਂ ਸਿਫ਼ਾਰਸ਼ਾਂ ਵੀ ਜਾਰੀ ਕੀਤੀਆਂ ਗਈਆਂ । ਇਸ ਵਰਕਸ਼ਾਪ ਦੇ ਦੂਸਰੇ ਦਿਨ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਉਨ੍ਹਾਂ ਕਿਹਾ ਕਿ ਅੱਜ ਖੇਤੀ ਉਤਪਾਦਨ ਦੇ ਮੁੱਲ ਵਾਧੇ ਲਈ ਫਾਰਮ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਇੱਕ ਬਿਹਤਰ ਬਦਲ ਸਾਬਿਤ ਹੋ ਸਕਦਾ ਹੈ । ਕਿਸਾਨਾਂ ਨੂੰ ਮੰਡੀਕਰਨ ਅਤੇ ਪ੍ਰੋਸੈਸਿੰਗ ਲਈ ਬਿਨਾਂ ਕਿਸੇ ਸੰਕੋਚ ਤੋਂ ਆਪ ਵਸਤਾਂ ਤਿਆਰ ਕਰਨ ਦੇ ਰਾਹ ਤੁਰਨਾ ਪਵੇਗਾ । ਖੇਤੀ ਖੇਤਰ ਤੋਂ ਹੋਰ ਮੁਨਾਫ਼ਾ ਕਮਾਉਣ ਲਈ ਖੇਤੀ ਜੰਗਲਾਤ ਉੱਪਰ ਜ਼ੋਰ ਦਿੰਦਿਆਂ ਡਾ. ਅਸ਼ੋਕ ਕੁਮਾਰ ਨੇ ਇਸ ਨੂੰ ਖੇਤੀ ਵਿਭਿੰਨਤਾ ਦਾ ਸੁਚੱਜਾ ਰਸਤਾ ਕਿਹਾ ।
ਆਖਰੀ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਇਸ ਵਰਕਸ਼ਾਪ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚਕਾਰ ਸਾਂਝ ਦਾ ਪ੍ਰਤੀਕ ਕਿਹਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਵਿਕਸਿਤ ਕੀਤੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਹੋਰ ਵੀ ਤਨਦੇਹੀ ਨਾਲ ਯਤਨ ਕਰਨੇ ਚਾਹੀਦੇ ਹਨ ।
ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪਸਾਰ ਮਾਹਿਰਾਂ ਵੱਲੋਂ ਲਿਆਂਦੇ ਕਿਸਾਨਾਂ ਦੇ ਸੁਝਾਵਾਂ ਦੇ ਅਨੁਸਾਰ ਹੀ ਖੋਜ ਦੀ ਵਿਉਂਤਬੰਦੀ ਯਕੀਨੀ ਬਣਾਈ ਜਾਵੇਗੀ ।
ਜ਼ਿਕਰਯੋਗ ਹੈ ਕਿ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਖੋਜ ਖੇਤਰਾਂ ਦੇ ਦੌਰੇ ਤੋਂ ਬਿਨਾਂ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਖੇਤੀ ਨਾਲ ਜੁੜੇ ਮੁੱਦਿਆ ਅਤੇ ਆਰਥਿਕਤਾ ਬਾਰੇ ਵੱਖੋ-ਵੱਖਰੇ ਨੁਕਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਦਿੱਤੇ ।
ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂਅ ਅਤੇ ਦਾਲਾਂ ਦੇ ਨਾਲ-ਨਾਲ ਖੇਤੀ ਇੰਜਨੀਅਰਿੰਗ ਅਤੇ ਮੱਕੀ ਤੋਂ ਇਲਾਵਾ ਤੇਲਬੀਜ ਫ਼ਸਲਾਂ, ਜੰਗਲਾਤ ਅਤੇ ਖੇਤੀ ਆਰਥਿਕਤਾ ਸੰਬੰਧੀ ਨੁਕਤਿਆਂ ਉੱਪਰ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਆਉਂਦੇ ਹਾੜੀ ਸੀਜ਼ਨ ਦੌਰਾਨ ਚੰਗੇ ਖੇਤੀ ਉਤਪਾਦਨ ਲਈ ਬਹੁਤ ਸਾਰੀਆਂ ਧਾਰਨਾਵਾਂ ਨਿੱਤਰ ਕੇ ਸਾਹਮਣੇ ਆਈਆਂ । ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪਸਾਰ ਮਾਹਿਰਾਂ ਨੂੰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਪ੍ਰਯੋਗਾਂ ਅਧੀਨ ਖੇਤਰ ਦਾ ਦੌਰਾ ਕਰਵਾਇਆ ਗਿਆ ।