ਲੁਧਿਆਣਾ : ਵਿਸ਼ਵ ਪ੍ਰਸਿੱਧ ਢਾਡੀ , ਇਤਿਹਾਸਕਾਰ ਤੇ ਕਵੀ ਗਿਆਨੀ ਤਰਲੋਚਨ ਸਿੰਘ ਭਮੱਦੀ ਵੱਲੋਂ ਰਚਿਤ ਪੁਸਤਕ ਦਾਸਤਾਨਿ ਸਿੱਖ ਸਲਤਨਤ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪੁਸਤਕ ਸਿਰਫ਼ ਇਤਿਹਾਸ ਨਹੀਂ ਹੈ ਸਗੋਂ ਉਸ ਨੂੰ ਸਮਝਣ ਲਈ ਸਹਿਜ ਸੁਖੈਨ ਕੁੰਜੀ ਹੈ। ਇਸ ਵਿੱਚ ਸ਼ਾਮਿਲ ਵਾਰਤਕ ਤੇ ਸ਼ਾਇਰੀ ਸਾਨੂੰ ਵਰਤਮਾਨ ਤੋਂ ਵਿਰਸੇ ਵੱਲ ਰਸਵੰਤੀ ਯਾਤਰਾ ਕਰਵਾਉਂਦੀ ਹੈ।
ਉਨ੍ਹਾਂ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਵਾਂਗ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਵੀ ਸਾਨੂੰ ਇਤਿਹਾਸਕ ਪ੍ਰਸੰਗ ਕਵਿਤਾ ਵਿੱਚ ਘੋਲ਼ ਕੇ ਪਿਆਏ ਹਨ। ਪ੍ਰੋਃ ਗਿੱਲ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਇਤਿਹਾਸ ਦੀ ਰੂਪ ਰੇਖਾ ਉਲੀਕਦਿਆਂ ਇਤਿਹਾਸ ਦੀਆਂ ਮੁੱਲਵਾਨ ਪੁਸਤਕਾਂ ਵਿੱਚੋਂ ਹਵਾਲੇ ਦਿੱਤੇ ਹਨ ਤਾਂ ਜੋ ਪਾਠਕ ਗੁਮਰਾਹ ਨਾ ਹੋਵੇ। ਇਹ ਪੁਸਤਕ ਉਨ੍ਹਾਂ ਵੱਲੋਂ ਲਿਖੀ ਜਾ ਰਹੀ ਵੱਡ ਆਕਾਰੀ ਪੁਸਤਕ ਦਾ ਪਹਿਲਾ ਭਾਗ ।
ਧੰਨਵਾਦ ਦੇ ਸ਼ਬਦ ਬੋਲਦਿਆਂ ਤਰਲੋਚਨ ਸਿੰਘ ਭਮੱਦੀ ਨੇ ਕਿਹਾ ਕਿ ਮੇਰੀ ਪਹਿਲੀ ਕਾਵਿ ਪੁਸਤਕ ਦਰ ਤੇਰੇ ਤੇ ਖੜ੍ਹੇ ਸਵਾਲੀ ਅਤੇ ਢਾਡੀਆਂ ਦੇ ਅੰਗ ਸੰਗ ਦੀ ਘੁੰਡ ਚੁਕਾਈ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਹੱਥੋਂ ਹੀ ਹੋਈ ਸੀ। ਉਨ੍ਹਾਂ ਦਾ ਸਾਥ ਤੇ ਸਹਿਯੋਗ ਹੀ ਹੈ ਜਿਸ ਸਦਕਾ ਮੈਂ ਇਹ ਚੌਥੀ ਕਿਤਾਬ ਲਿਖਣ ਦੇ ਸਮਰੱਥ ਹੋ ਸਕਿਆ ਹਾਂ। ਉਨ੍ਹਾਂ ਇਸ ਮੌਕੇ ਸਾਰੇ ਹਾਜ਼ਰ ਦੋਸਤਾਂ ਦਾ ਧੰਨਵਾਦ ਕੀਤਾ।