ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੁੰਦਿਆਂ ਪੰਜਾਬੀ ਕਵੀ ਤੇ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਜੋ ਆਪਣੀ ਲਿਖੀ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦਾ ਚੌਥਾ ਵਿਸਤਖਿਤ ਸੰਸਕਰਨ ਪ੍ਰਕਾਸਿਤ ਕੀਤਾ ਹੈ, ਉਸ ਨੂੰ ਲੁਧਿਆਣਾ ਵਿੱਚ ਲੋਕ ਅਰਪਨ ਕਰਦਿਆਂ ਉੱਘੇ ਵਾਰਤਕ ਲੇਖਕ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਕਿ 1947 ਚ ਹੋਈ ਦੇਸ਼ ਵੰਡ ਨਾਲ ਸਬੰਧਿਤ ਸੰਵੇਦਨਸ਼ੀਲ ਸਾਹਿੱਤ ਨੂੰ ਵੱਧ ਤੋਂ ਵੱਧ ਪਸਾਰਿਆ ਤੇ ਸੰਚਾਰਿਤ ਕੀਤਾ ਜਾਵੇ।
ਸਭ ਦਾ ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਕਿਤਾਬ ਮੇਰੀ ਰੂਹ ਦੇ ਨੇੜੇ ਇਸ ਕਰਕੇ ਹੈ ਕਿ ਮੈਂ ਉਸ ਪਰਿਵਾਰ ਦਾ ਜਾਇਆ ਹਾਂ ਜੋ ਨਿੱਦੋਕੇ(ਨਾਰੋਵਾਲ) ਤੋਂ 1947 ਚ ਉਦੋਂ ਉੱਜੜ ਕੇ ਆਇਆ ਜਦ ਰਾਵੀ ਦਰਿਆ ਦੇ ਇਸ ਬੰਨੇ ਸਾਡੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ। ਸੌ ਫੀਸਦੀ ਉੱਜੜਿਆਂ ਦਾ ਦਰਦ ਹੰਢਾਉਂਦਿਆਂ ਆਪਣੇ ਪਿੰਡ ਵਿੱਚ ਅਸੀਂ ਅੱਜ ਵੀ ਮੁਸਲਮਾਨਾਂ ਨਾਲ ਵਟਾਏ ਹੋਏ ਪਨਾਹੀ ਜਾਂ ਰਫਿਊਜੀ ਹੀ ਹਾਂ। ਇਸ ਜ਼ਖ਼ਮ ਦੀ ਪੀੜ ਜਦ ਟਸ ਟਸ ਕਰਦੀ ਹੈ ਤਾਂ ਮੈਂ ਉਦੋਂ ਹਿੰਦ ਪਾਕਿ ਦੋਸਤੀ ਦੀ ਕਾਮਨਾ ਕਰਦੀ ਕਵਿਤਾ ਲਿਖਦਾ ਹਾਂ।