ਲੁਧਿਆਣਾ : ਇੰਡੀਅਨ ਸੋਸਾਇਟੀ ਆਫ ਰਿਮੋਟ ਸੈਂਸਿੰਗ (ਆਈ.ਐਸ.ਆਰ.ਐਸ) – ਲੁਧਿਆਣਾ ਚੈਪਟਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਲੁਧਿਆਣਾ ਵੱਲੋਂ ਰਾਸ਼ਟਰੀ ਰਿਮੋਟ ਸੈਂਸਿੰਗ ਦਿਵਸ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ”ਪਿਛਲੇ 75 ਸਾਲਾਂ ਦੌਰਾਨ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਪ੍ਰਾਪਤੀ ਅਤੇ ਸ਼ਾਸਨ ਲਈ ਭੂ-ਸਥਾਨਕ ਤਕਨਾਲੋਜੀ” ਵਿਸ਼ੇ ‘ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ ਗਈ।
ਡਾ. ਬ੍ਰਿਜੇਂਦਰ ਪਟੇਰੀਆ, ਡਾਇਰੈਕਟਰ ਪੀ.ਆਰ.ਐਸ.ਸੀ. ਅਤੇ ਚੇਅਰਮੈਨ ਆਈ.ਐਸ.ਆਰ.ਐਸ – ਲੁਧਿਆਣਾ ਚੈਪਟਰ ਵੱਲੋਂ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਦੌਰਾਨ, ਨਾਗਰਿਕ ਕੇਂਦਰਿਤ ਸੇਵਾਵਾਂ ਅਤੇ ਫੈਸਲੇ ਲੈਣ ਵਿੱਚ ਭੂ-ਸਥਾਨਕ ਤਕਨਾਲੋਜੀ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ।
ਡਾ. ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਮੁਖੀ, ਨਿਊਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਜੋ ਕਿ ਸਮਾਗਮ ਦੇ ਮੁੱਖ ਮਹਿਮਾਨ ਸਨ, ਵੱਲੋਂ ਆਮ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਭੂ-ਸਥਾਨਕ ਤਕਨਾਲੋਜੀ ਦੀ ਸੰਭਾਵਨਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ.ਆਰ.ਕੇ.ਸੇਤੀਆ, ਵਿਗਿਆਨੀ ਪੀ.ਆਰ.ਐਸ.ਸੀ. ਨੇ ਆਮ ਆਦਮੀ ਲਈ ਭੂ-ਸਥਾਨਕ ਤਕਨਾਲੋਜੀ ਦੀ ਵਰਤੋਂ ਬਾਰੇ ਇੱਕ ਪੇਸ਼ਕਾਰੀ ਦਿੱਤੀ।