ਲੁਧਿਆਣਾ : ਪੀ ਏ ਯੂ ਵਿਚ 1964 ਵਿੱਚ ਸਥਾਪਿਤ ਕੀਤਾ ਗਿਆ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੇ ਖੇਤੀ ਸਿੱਖਿਆ,ਖੋਜ ਅਤੇ ਪਸਾਰ ਦੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਦੇਸ਼ ਅਤੇ ਵਿਦੇਸ਼ਾਂ ਵਿੱਚ ਪਛਾਣ ਬਣਾਈ ਹੈ। ਕਾਲਜ ਵਿੱਚ ਮਾਸਟਰਜ਼ ਅਤੇ ਡਾਕਟੋਰਲ ਪ੍ਰੋਗਰਾਮਾਂ ਤੋਂ ਇਲਾਵਾ 4 ਸਾਲਾ ਬੀ.ਟੈਕ. (ਖੇਤੀਬਾੜੀ ਇੰਜਨੀਅਰਿੰਗ) ਪ੍ਰੋਗਰਾਮ ਵਿੱਚ 82 ਸੀਟਾਂ ਦੀ ਦਾਖਲਾ ਸਮਰੱਥਾ ਹੈ।
ਨੈਸ਼ਨਲ ਇੰਸਟੀਚਿਊਟ ਟੈਕਨੀਕਲ ਟੀਚਰਜ਼ ਟਰੇਨਿੰਗ ਨੇ ਖੇਤੀ ਇੰਜਨੀਅਰਿੰਗ ਕਾਲਜ ਨੂੰ ਖੋਜ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਾਲ 2016-17 ਲਈ ਕਾਲਜ ਆਫ ਐਕਸੀਲੈਂਸ ਦੀ ਉਪਾਧੀ ਪ੍ਰਦਾਨ ਕੀਤੀ । ਕਾਲਜ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਨਿਯਮਤ ਤੌਰ ‘ਤੇ ਮਾਨਤਾ ਪ੍ਰਾਪਤ ਹੈ ਅਤੇ ਹਾਲ ਹੀ ਵਿੱਚ ਪੰਜ ਸਾਲਾਂ (2019-2024) ਲਈ A+ ਗ੍ਰੇਡ ਹਾਸਿਲ ਹੈ।