ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਛੁੱਟੀਆਂ ਖਤਮ ਹੋਣ ਤੋਂ ਬਾਅਦ ਕਲੈਕਸ਼ਨ ‘ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਅਜਿਹੀਆਂ ਖਬਰਾਂ ਵੀ ਹਨ ਕਿ ਕਈ ਥਾਵਾਂ ‘ਤੇ ਸ਼ੋਅ ਰੱਦ ਕਰਨੇ ਪਏ ਹਨ। ਲਾਲ ਸਿੰਘ ਚੱਢਾ ਦੀ ਇਸ ਹਾਲਤ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਫਿਲਮ ਦਾ ਬਾਕਸ ਆਫਿਸ ਸਫਰ ਜਲਦ ਹੀ ਖਤਮ ਹੋ ਸਕਦਾ ਹੈ। ਆਮਿਰ ਦੀ ਇਹ ਫਿਲਮ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਅਸਫਲਤਾਵਾਂ ਵਿੱਚ ਸ਼ਾਮਲ ਹੋਣ ਜਾ ਰਹੀ ਹੈ।
ਆਮਿਰ ਨੇ ਆਪਣੇ ਕਰੀਅਰ ‘ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਫਿਲਮ ਕਾਰੋਬਾਰ ਦਾ ਟਰੈਂਡ ਸੇਟਰ ਮੰਨਿਆ ਜਾਂਦਾ ਹੈ। 100, 200, 300 ਕਰੋੜ ਦਾ ਕਲੱਬ ਸ਼ੁਰੂ ਕਰਨ ਦਾ ਸਿਹਰਾ ਵੀ ਆਮਿਰ ਨੂੰ ਜਾਂਦਾ ਹੈ। ਇਸੇ ਕਰਕੇ ਲਾਲ ਸਿੰਘ ਚੱਢਾ ਦਾ ਇਸ ਤਰ੍ਹਾਂ ਰੱਦ ਹੋਣਾ ਹੈਰਾਨ ਕਰਨ ਵਾਲਾ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਲਾਲ ਸਿੰਘ ਚੱਢਾ ਦੇ ਕਲੈਕਸ਼ਨ ‘ਚ ਮੰਗਲਵਾਰ ਨੂੰ ਕਰੀਬ 85 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਮ ਦੇ 70 ਫੀਸਦੀ ਸ਼ੋਅ ਰੱਦ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਸੋਮਵਾਰ ਤਕ ਫਿਲਮ ਨੇ 45.83 ਕਰੋੜ ਦੀ ਕਮਾਈ ਕੀਤੀ ਸੀ। ਇਸ ‘ਚ ਮੰਗਲਵਾਰ ਦੇ ਕਲੈਕਸ਼ਨ ਨੂੰ ਜੋੜਦੇ ਹੋਏ ਛੇ ਦਿਨਾਂ ਦੀ ਕੁਲ ਕੁਲੈਕਸ਼ਨ ਕਰੀਬ 47-48 ਕਰੋੜ ਹੋ ਜਾਵੇਗੀ। ਅਜਿਹੇ ‘ਚ ਫਿਲਮ ਤੋਂ ਜ਼ਿਆਦਾ ਉਮੀਦ ਨਹੀਂ ਬਚੀ ਹੈ। ਪਹਿਲੇ ਹਫਤੇ ‘ਚ ਲਾਲ ਸਿੰਘ ਚੱਢਾ ਦੀ ਕਮਾਈ 50 ਕਰੋੜ ਦੇ ਕਰੀਬ ਹੋਣ ਦੀ ਸੰਭਾਵਨਾ ਹੈ।
ਜੇਕਰ ਆਮਿਰ ਦੀ ਪਿਛਲੀ ਫਿਲਮ ਠਗਸ ਆਫ ਹਿੰਦੋਸਤਾਨ ਨਾਲ ਤੁਲਨਾ ਕੀਤੀ ਜਾਵੇ ਤਾਂ ਲਾਲ ਸਿੰਘ ਚੱਢਾ ਦੇ ਬਾਕਸ ਆਫਿਸ ਨਤੀਜੇ ਜ਼ਿਆਦਾ ਨਿਰਾਸ਼ਾਜਨਕ ਹਨ। 2019 ‘ਚ ਰਿਲੀਜ਼ ਹੋਈ ‘ਠਗਸ ਆਫ ਹਿੰਦੋਸਤਾਨ’ ਨੇ 50 ਕਰੋੜ ਦੀ ਰਿਕਾਰਡ ਓਪਨਿੰਗ ਕੀਤੀ ਸੀ ਅਤੇ ਪਹਿਲੇ ਵੀਕੈਂਡ ‘ਚ ਹੀ ਫਿਲਮ ਨੇ 119 ਕਰੋੜ ਦਾ ਕੁਲੈਕਸ਼ਨ ਕੀਤਾ ਸੀ, ਜਦਕਿ ਪਹਿਲੇ ਹਫਤੇ ‘ਚ ਫਿਲਮ ਦਾ ਕੁਲੈਕਸ਼ਨ 134 ਕਰੋੜ ਸੀ। ਇਸ ਤੋਂ ਬਾਅਦ ‘ਠਗਸ ਆਫ ਹਿੰਦੋਸਤਾਨ’ ਦਮ ਤੋੜਦੀ ਚਲੀ ਗਈ ਅਤੇ 145 ਕਰੋੜ ਦੇ ਕਰੀਬ ਲਾਈਫ ਟਾਈਮ ਇਕੱਠਾ ਕਰਕੇ ਫਲਾਪ ਐਲਾਨੀ ਗਈ।