ਲੁਧਿਆਣਾ : ਪੰਜਾਬ ‘ਚ ਆਟਾ-ਦਾਲ ਸਕੀਮ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਦੀ ਵੀ ਹੋਮ ਡਿਲਿਵਰੀ ਕਰੇਗੀ। ਇਸ ਦਾ ਮਤਲਬ ਹੈ ਕਿ ਪੈਨਸ਼ਨ ਲੈਣ ਲਈ ਬਜ਼ੁਰਗਾਂ ਨੂੰ ਬੈਂਕਾਂ ਦੀਆਂ ਲੰਬੀਆਂ ਲਾਈਨਾਂ ‘ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਨਹੀਂ ਕਰਨੀ ਪਵੇਗੀ। ਇਸ ਸਕੀਮ ਨੂੰ ਸ਼ੁਰੂ ਕਰਨ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਤੋਂ ਬਾਅਦ ਸਾਂਝੀ ਕੀਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ ਦੇ ਲਾਭ ਪਾਤਰੀਆਂ ਨੂੰ ਪੈਸੇ ਲੈਣ ‘ਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਇਸ ਸਕੀਮ ਨੂੰ ਵੀ ਹੋਮ ਡਿਲਿਵਰੀ ਨਾਲ ਜੋੜਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਨੂੰ ਬੈਂਕ ‘ਚ ਜਾ ਕੇ ਲਾਈਨ ‘ਚ ਲੱਗਣਾ ਅਤੇ ਕੋਈ ਦਸਤਾਵੇਜ਼ ਘੱਟ ਪੈ ਗਿਆ ਤਾਂ ਉਸ ਨੂੰ ਲੈਣ ਲਈ ਵਾਪਸ ਘਰ ਜਾਣਾ ਪੈਂਦਾ ਹੈ।
ਕਈ ਵਾਰ ਬੈਂਕ ‘ਚ ਪੈਸਾ ਨਹੀਂ ਹੁੰਦਾ ਅਤੇ 2 ਵਜੇ ਤੋਂ ਬਾਅਦ ਕਈਆਂ ਨੂੰ ਕੈਸ਼ ਨਹੀਂ ਮਿਲਦਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਖ਼ਤਮ ਕਰਨ ਲੱਗੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਬਜ਼ੁਰਗਾਂ ਨੂੰ ਪੈਨਸ਼ਨ ਲੈਣ ਲਈ ਕਿਤੇ ਨਹੀਂ ਜਾਣਾ ਪਵੇਗਾ, ਸਗੋਂ ਇਸ ਦੀ ਵੀ ਹੋਮ ਡਿਲਿਵਰੀ ਹੋਵੇਗੀ। ਸਰਕਾਰ ਵੱਲੋਂ ਹੀ ਲਾਭਪਾਤਰੀ ਦੇ ਘਰ ‘ਤੇ ਸਟਾਫ਼ ਆਵੇਗਾ ਅਤੇ ਬਾਇਓਮੈਟ੍ਰਿਕ ਅੰਗੂਠਾ ਲਗਵਾ ਕੇ ਪੈਨਸ਼ਨ ਦੇ ਜਾਵੇਗਾ।