ਲੁਧਿਆਣਾ : ਸੰਵਿਧਾਨ ਨੂੰ ਬਚਾਉਣ ਅਤੇ ਇਨਸਾਫ਼ ਤੇ ਬਰਾਬਰੀ ਲਈ ਸੰਘਰਸ਼ ਅਜ਼ਾਦੀ ਦੇ ਸੰਘਰਸ਼ ਦਾ ਅਗਲਾ ਪੜਾਅ ਹੈ” ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰੇਤ ਦੀ ਮੈਂਬਰ ਅਮਰਜੀਤ ਕੌਰ ਨੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ‘ਆਜ਼ਾਦੀ ਦੇ ਸੰਘਰਸ਼ ਵਿੱਚ ਕਮਿਊਨਿਸਟਾਂ ਦੀ ਭੂਮਿਕਾ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੀ। ਸੈਮੀਨਾਰ ਤੋਂ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੌਕੇ ਵੱਡੀ ਗਿਣਤੀ ਪਾਰਟੀ ਵਰਕਰ ਅਤੇ ਹੋਰ ਸਹੀ ਸੋਚ ਵਾਲੇ ਲੋਕ ਇਕੱਠੇ ਹੋਏ।
ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਖ ਉਦੇਸ਼ ਬ੍ਰਿਟਿਸ਼ ਸਾਮਰਾਜਵਾਦ ਨੂੰ ਉਖਾੜ ਸੁੱਟਣਾ ਸੀ। ਪਾਰਟੀ ਨੇ ਸਭ ਤੋਂ ਪਹਿਲਾਂ ਬਸਤੀਵਾਦੀ ਸ਼ਾਸਨ ਤੋਂ ਪੂਰਨ ਆਜ਼ਾਦੀ ਦੀ ਮੰਗ ਕੀਤੀ ਸੀ ਅਤੇ ਆਜ਼ਾਦ ਭਾਰਤ ਵਿੱਚ ਸਮਾਜਿਕ-ਆਰਥਿਕ ਨਿਆਂ ‘ਤੇ ਆਧਾਰਿਤ ਸੰਵਿਧਾਨ ਦੀ ਮੰਗ ਕੀਤੀ ਸੀ। ਕਮਿਊਨਿਸਟਾਂ ਨੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੇ ਨਾਲ ਅਤੇ ਸੁਤੰਤਰਤਾ ਅੰਦੋਲਨ ਦੇ ਪਲੇਟਫਾਰਮ ਇੰਡੀਅਨ ਨੈਸ਼ਨਲ ਕਾਂਗਰਸ ਦੇ ਬੈਨਰ ਹੇਠ ਆਜ਼ਾਦੀ ਦੀ ਮੁੱਖ ਧਾਰਾ ਰਾਸ਼ਟਰੀ ਅੰਦੋਲਨ ਵਿੱਚ ਵੀ ਸੁਤੰਤਰ ਤੌਰ ‘ਤੇ ਕੰਮ ਕੀਤਾ।
ਸੈਮੀਨਾਰ ਦੇ ਸ਼ੁਰੂ ਵਿਚ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹੋ ਜਿਹੀ ਵਿਚਾਰ ਚਰਚਾ ਸਮੇਂ ਦੀ ਲੋੜ ਹੈ ਅਤੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਕਿਨ੍ਹਾਂ ਲੋਕਾਂ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਇਆ ਅਤੇ ਕਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ।