ਲੁਧਿਆਣਾ : ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ ਸਥਾਨਕ ਜਗਰਾਉਂ ਪੁਲ ‘ਤੇ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲੁਧਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤਾ।
ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਵਧੀਕ ਨਗਰ ਨਿਗਮ ਕਮਿਸ਼ਨਰ ਸ੍ਰੀ ਆਦਿਤਿਆ ਡਚਲਵਾਲ ਦੇ ਨਾਲ ਡਿਪਟੀ ਕਮਿਸ਼ਨਰ ਵੱਲੋਂ ਪੁਲ ‘ਤੇ ਰਿਮੋਟ ਕੰਟਰੋਲ ਦੀ ਵਰਤੋਂ ਕਰਦਿਆਂ ਤਿਰੰਗਾ ਲਹਿਰਾਇਆ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜਗਰਾਉਂ ਪੁਲ ‘ਤੇ 80 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਝੰਡੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਨੂੰ ਰੌਸ਼ਨ ਕਰਨ ਲਈ ਲੈਂਡ ਸਕੇਪਿੰਗ, ਐਲ.ਈ.ਡੀ. ਲਾਈਟਾਂ, ਸੁੰਦਰ ਚਾਰਦੀਵਾਰੀ, ਸਟੀਲ ਦੀਆਂ ਗਰਿਲਾਂ, ਗ੍ਰੇਨਾਈਟ ਪੱਥਰ, ਸਜਾਵਟੀ ਪ੍ਰੋਜੈਕਟਰ ਅਤੇ ਰੰਗਦਾਰ ਲਾਈਟਾਂ ਵੀ ਲਗਾਈਆਂ ਗਈਆਂ ਹਨ।
ਸ੍ਰੀਮਤੀ ਮਲਿਕ ਨੇ ਉਮੀਦ ਜਤਾਈ ਕਿ ਇਹ ਰਾਸ਼ਟਰੀ ਝੰਡਾ ਅਤੇ ਸਮੁੱਚਾ ਪ੍ਰੋਜੈਕਟ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਅਤੇ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇੇ ਲਿਜਾਣ ਲਈ ਪ੍ਰੇਰਿਤ ਕਰੇਗਾ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਆਦਿਤਿਆ ਡਚਲਵਾਲ ਨੇ ਕਿਹਾ ਕਿ ਝੰਡੇ ਦਾ ਆਕਾਰ 30×20 ਫੁੱਟ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ‘ਆਜਾਦੀ ਦਾ ਅੰਮ੍ਰਿਤ’ ਮਹੋਤਸਵ ਤਹਿਤ ਹਰ ਘਰ ਤਿਰੰਗਾ ਮੁਹਿੰਮ ਦਾ ਹਿੱਸਾ ਹੈ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ।