ਲੁਧਿਆਣਾ : ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ ਵਿਲੱਖਣ ਪਹਿਲਕਦਮੀ ਕਰਦਿਆਂ, ਰਾਜ ਸਭਾ ਮੈਂਬਰ ਸ੍ਰੀ ਸੰਜੀਵ ਅਰੋੜਾ ਵੱਲੋਂ ਅੱਜ ਇਸ ਭੈਣ-ਭਰਾ ਦੇ ਪਿਆਰ ਦੇ ਬੰਧਨ ਨੂੰ ਹੋਰ ਮਜ਼ਬੂਤੀ ਦਿੰਦਿਆਂ ਲੁਧਿਆਣਾ ਸਥਿਤ ਪਾਵਰਲਿਫਟਰ ਜੀਵਨ ਲਤਾ ਨੂੰ ਸਪਾਂਸਰ ਕਰਨ ਲਈ ਆਪਣੇ ਨਿੱਜੀ ਖਾਤੇ ਵਿੱਚੋਂ 2.7 ਲੱਖ ਰੁਪਏ ਦਾਨ ਕੀਤੇ ਤਾਂ ਜੋ ਉਹ ਜਰਮਨੀ ਵਿੱਚ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਸਕੇ।
ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਅਤੇ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀਆਂ ਸਿਫ਼ਾਰਸ਼ਾਂ ‘ਤੇ ਸ੍ਰੀ ਅਰੋੜਾ ਨੇ ਖਿਡਾਰਨ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਜੀਵਨ ਲਤਾ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ।
ਸ੍ਰੀ ਅਰੋੜਾ ਵੱਲੋਂ ਭਾਰਤੀ ਪਾਵਰਲਿਫਟਿੰਗ ਫੈਡਰੇਸ਼ਨ ਨੂੰ 2.70 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਰਾਜ ਸਭਾ ਮੈਂਬਰ ਵਜੋਂ ਸਰਕਾਰ ਤੋਂ ਮਿਲਣ ਵਾਲੀ ਤਨਖਾਹ ਪਰਉਪਕਾਰੀ ਕੰਮਾਂ ਲਈ ਦਾਨ ਕਰਨ ਲਈ ਵਚਨਬੱਧ ਹਨ। ਜਿਕਰਯੋਗ ਹੈ ਕਿ ਜੀਵਨ ਲਤਾ ਨੂੰ 20 ਤੋਂ 23 ਅਕਤੂਬਰ 2022 ਤੱਕ ਜਰਮਨੀ ਦੇ ਸ਼ਹਿਰ ਬਰਲਿਨ ਵਿਖੇ ਹੋਣ ਜਾ ਰਹੀ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਲਈ 67.5 ਕਿਲੋਗ੍ਰਾਮ ਸ਼੍ਰੇਣੀ ਤਹਿਤ ਚੁਣਿਆ ਗਿਆ ਹੈ। ਜੀਵਨ ਲਤਾ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਸਨੀਕ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਸੱਤ ਵਾਰ ਪਾਵਰਲਿਫਟਿੰਗ ਚੈਂਪੀਅਨ ਰਹਿ ਚੁੱਕੀ ਹੈ।