ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਵਿੱਚ ਭਾਵੇਂ ਹੁਣ ਆਯੂਸ਼ਮਾਨ ਭਾਰਤ ਸਕੀਮ ਨਾਲ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਪਰ ਅਜੇ ਤਕ ਪੰਜਾਬ ਸਰਕਾਰ ਵੱਲੋਂ ਪੀਜੀਆਈ ਦਾ ਪੂਰਾ ਪੈਸਾ ਨਹੀਂ ਮਿਲਿਆ ਹੈ। ਇੱਥੋਂ ਤਕ ਕਿ 16 ਕਰੋੜ ਰੁਪਏ ਵਿੱਚੋਂ ਪੀਜੀਆਈ ਨੂੰ ਪੰਜਾਬ ਸਰਕਾਰ ਵੱਲੋਂ ਸਿਰਫ਼ 10 ਕਰੋੜ ਰੁਪਏ ਹੀ ਮਿਲੇ ਹਨ। ਅਜੇ ਵੀ 6 ਕਰੋੜ ਰੁਪਏ ਮਿਲਣੇ ਬਾਕੀ ਹਨ।
ਦੱਸ ਦੇਈਏ ਕਿ ਪੀਜੀਆਈ ਚੰਡੀਗੜ੍ਹ ਨੇ ਪੰਜਾਬ ਦੇ ਆਯੂਸ਼ਮਾਨ ਲਾਭਪਾਤਰੀਆਂ ਦਾ ਇਲਾਜ ਬੰਦ ਕਰ ਦਿੱਤਾ ਸੀ। ਬਾਅਦ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ‘ਤੇ ਆਯੂਸ਼ਮਾਨ ਭਾਰਤ ਦਾ ਲਾਭ ਪੰਜਾਬ ਦੇ ਮਰੀਜ਼ਾਂ ਨੂੰ ਦੁਬਾਰਾ ਮਿਲਣਾ ਸ਼ੁਰੂ ਹੋ ਗਿਆ। ਪੈਸੇ ਨਾ ਮਿਲਣ ਕਾਰਨ ਪੀਜੀਆਈ ਨੇ 1 ਅਗਸਤ ਤੋਂ ਆਯੂਸ਼ਮਾਨ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਰੋਜ਼ਾਨਾ ਪੰਜਾਬ ਤੋਂ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਦੇ ਤਿੰਨੋਂ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਹਨ। ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਕੋਲ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕਾਰਡ ਹਨ, ਉਹ ਇਸ ਦਾ ਲਾਭ ਲੈਂਦੇ ਹਨ।