ਲੁਧਿਆਣਾ : ਅੱਜ ਪੰਜਾਬ ਦੇ ਭੋਜਨ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਸ਼੍ਰੀ ਫੌਜਾ ਸਿੰਘ ਸਰਾਰੀ ਨੇ ਵਿਸ਼ੇਸ਼ ਤੌਰ ਤੇ ਪੀ.ਏ.ਯੂ. ਦਾ ਦੌਰਾ ਕੀਤਾ । ਉਹਨਾਂ ਦੇ ਨਾਲ ਪੰਜਾਬ ਦੇ ਭੋਜਨ ਪ੍ਰੋਸੈਸਿੰਗ ਬਾਰੇ ਵਧੀਕ ਮੁੱਖ ਸਕੱਤਰ ਸ਼੍ਰੀ ਕੇ ਏ ਪੀ ਸਿਨਹਾ ਵੀ ਮੌਜੂਦ ਸਨ । ਇਸ ਦੌਰਾਨ ਮਾਣਯੋਗ ਭੋਜਨ ਪ੍ਰੋਸੈਸਿੰਗ ਮੰਤਰੀ ਨੇ ਸਟਨ ਹਾਊਸ ਵਿੱਚ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਪੰਜਾਬ ਵਿੱਚ ਭੋਜਨ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ।
ਮੰਤਰੀ ਸਾਹਿਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਦਾ ਯੁੱਗ ਖੇਤੀ ਉਤਪਾਦਨ ਦੇ ਨਾਲ-ਨਾਲ ਭੋਜਨ ਪ੍ਰੋਸੈਸਿੰਗ ਨੂੰ ਅਪਨਾਉਣ ਦਾ ਹੈ । ਉਹਨਾਂ ਕਿਹਾ ਕਿ ਫ਼ਸਲਾਂ ਦੇ ਮੁੱਲ ਵਾਧੇ ਵਿਸ਼ੇਸ਼ ਤੌਰ ਬਾਗਬਾਨੀ ਫ਼ਸਲਾਂ ਦੀ ਗੁਣਵੱਤਾ ਵਧਾਉਣ ਲਈ ਪ੍ਰੋਸੈਸਿੰਗ ਬੇਹੱਦ ਜ਼ਰੂਰੀ ਹੈ । ਸ਼੍ਰੀ ਫੌਜਾ ਸਿੰਘ ਸਰਾਰੀ ਨੇ ਪੀ.ਏ.ਯੂ. ਵੱਲੋਂ ਭੋਜਨ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ।
ਉਹਨਾਂ ਕਿਹਾ ਕਿ ਕਿਸਾਨਾਂ ਤੱਕ ਆਧੁਨਿਕ ਪ੍ਰੋਸੈਸਿੰਗ ਤਕਨੀਕਾਂ ਪਹੁੰਚਾਉਣ ਵਿੱਚ ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਭੋਜਨ ਇੰਨਕੁਬੇਸ਼ਨ ਕੇਂਦਰ ਦਾ ਵੱਡਮੁੱਲਾ ਯੋਗਦਾਨ ਹੈ । ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਹੁਣ ਪੀ.ਏ.ਯੂ. ਨੂੰ ਪੋ੍ਰਸੈਸਿੰਗ ਦੇ ਖੇਤਰ ਵਿੱਚ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰਨੀ ਹੋਵੇਗੀ ਤਾਂ ਜੋ ਖੇਤੀ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ । ਮਾਣਯੋਗ ਪ੍ਰੋਸੈਸਿੰਗ ਮੰਤਰੀ ਨੇ ਭੋਜਨ ਇੰਨਕੁਬੇਸ਼ਨ ਕੇਂਦਰ ਦਾ ਦੌਰਾ ਵੀ ਕੀਤਾ ।
ਇਸ ਦੌਰਾਨ ਪੰਜਾਬ ਦੇ ਵਧੀਕ ਸਕੱਤਰ ਪ੍ਰੋਸੈਸਿੰਗ ਸ਼੍ਰੀ ਕੇ ਏ ਪੀ ਸਿਨਹਾ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਖੇਤਰ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਨਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ । ਹੁਣ ਪ੍ਰੋਸੈਸਿੰਗ ਦੇ ਖੇਤਰ ਵਿੱਚ ਇਸ ਸੰਸਥਾ ਕੋਲੋਂ ਵਡੇਰੀਆਂ ਆਸਾਂ ਹਨ । ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ਤੇ ਬਾਗਬਾਨੀ ਫਸਲਾਂ ਵਿੱਚ ਭੰਡਾਰਣ ਦੀ ਸਮੱਸਿਆ ਦੇ ਮੱਦੇਨਜ਼ਰ ਪ੍ਰੋਸੈਸਿੰਗ ਨੁਕਸਾਨ ਘੱਟ ਕਰਨ ਵਾਲੀ ਅਤੇ ਮੁਨਾਫ਼ਾ ਵਧਾਉਣ ਵਾਲੀ ਵਿਧੀ ਸਾਬਿਤ ਹੋਵੇਗੀ ।
ਪੀ.ਏ.ਯੂ. ਵੱਲੋਂ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਮੰਤਰੀ ਸਾਹਿਬ ਦਾ ਸਵਾਗਤ ਕੀਤਾ । ਉਹਨਾਂ ਨੂੰ ਪੀ.ਏ.ਯੂ. ਦੀਆਂ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਕਸਿਤ ਤਕਨੀਕਾਂ ਤੋਂ ਜਾਣੂੰ ਕਰਵਾਇਆ ਅਤੇ ਪੰਜਾਬ ਦੇ ਲੱਖਾਂ ਕਿਸਾਨਾਂ ਤੱਕ ਸਿਖਲਾਈ ਰਾਹੀਂ ਕੀਤੀ ਜਾ ਰਹੀ ਪਹੁੰਚ ਦੀ ਗੱਲ ਕੀਤੀ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੋ੍ਰਸੈਸਿੰਗ ਦੇ ਖੇਤਰ ਵਿੱਚ ਪੀ.ਏ.ਯੂ. ਦੇ ਅਕਾਦਮਿਕ ਕੋਰਸਾਂ ਅਤੇ ਤਕਨੀਕਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪਾਬੀ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ । ਉਹਨਾਂ ਕਿਹਾ ਕਿ ਪਾਬੀ ਅਧੀਨ ਉੱਦਮ ਅਤੇ ਉਡਾਨ ਦੋ ਪ੍ਰੋਜੈਕਟ ਖੇਤੀ ਕਾਰੋਬਾਰੀ ਉੱਦਮੀਆਂ ਲਈ ਚਲਾਏ ਜਾ ਰਹੇ ਹਨ ਜਿਨਾਂ ਅਧੀਨ ਦਰਜ਼ਨਾਂ ਉੱਦਮੀਆਂ ਨੂੰ ਸਰਕਾਰੀ ਇਮਦਾਦ ਪ੍ਰਾਪਤ ਹੋਈ ਹੈ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਭੋਜਨ ਇੰਨਕੁਬੇਸ਼ਨ ਸੈਂਟਰ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ।