ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨ ਕਲੱਬ ਦਾ ਇੱਕ ਰੋਜਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਦੱਸੀਆਂ ਗਈਆਂ ਤਕਨੀਕਾਂ ਅਤੇ ਜਾਣਕਾਰੀ ਨੂੰ ਆਪਣੇ ਖੇਤੀ ਕਿੱਤੇ ਵਿੱਚ ਅਪਨਾਉਣ ਉੱਪਰ ਜੋਰ ਦਿੱਤਾ।
ਇਸ ਕੈਂਪ ਵਿੱਚ 110 ਕਿਸਾਨ ਵੀਰਾਂ ਨੇ ਭਾਗ ਲਿਆ ਅਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਤੇ ਡਾ. ਤਰਮਿੰਦਰਪਾਲ ਸਿੰਘ ਨੇ ਦਾਲਾਂ ਦੀਆਂ ਫਸਲਾਂ ਦੇ ਬੀਜ ਤਿਆਰ ਕਰਨ ਬਾਰੇ, ਡਾ. ਕੇ. ਬੀ. ਸਿੰਘ ਨੇ ਖੇਤੀਬਾੜੀ ਵਿਕਾਸ ਵਿੱਚ ਪੌਦਾ ਰੋਗ ਮਾਹਿਰਾਂ ਦੀ ਭੂਮਿਕਾ ਬਾਰੇ, ਡਾ. ਪਰਮਿੰਦਰ ਸਿੰਘ, ਪਸਾਰ ਸਿੱਖਿਆ ਵਿਭਾਗ, ਗਡਵਾਸੂ ਨੇ ਪਸ਼ੂਆਂ ਦੀ ਸੰਤੁਲਿਤ ਖੁਰਾਕ ਤਿਆਰ ਕਰਨ ਲਈ ਵਿਸ਼ੇਸ਼ ਨੁਕਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਸਫਲ ਕਿਸਾਨ ਬਲਕਾਰ ਸਿੰਘ ਨੇ ਗੰਨੇ ਦੀ ਪ੍ਰੋਸੈਸਿੰਗ ਕਰਕੇ ਵੱਧ ਮੁਨਾਫਾ ਕਿਵੇਂ ਕਮਾਈਏ ਇਸ ਬਾਰੇ ਆਪਣਾ ਤਜਰਬਾ ਕਿਸਾਨ ਵੀਰਾਂ ਨਾਲ ਸਾਂਝਾ ਕੀਤਾ। ਅੰਤ ਵਿੱਚ ਡਾ. ਲਵਲੀਸ਼ ਗਰਗ ਅਤੇ ਕਲੱਬ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਪੂਨੀਆ ਨੇ ਸਾਰੇ ਕਿਸਾਨ ਵੀਰਾਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਿਖਲਾਈ ਕੈਂਪ ਕਿਸਾਨ ਵੀਰਾਂ ਲਈ ਲਾਭਦਾਇਕ ਸਿੱਧ ਹੋਵੇਗਾ।