ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਵਿਚ ਸਾਰੀਆਂ ਖਾਲੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਕਿਹਾ ਕਿ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਨਿਆਂ ਦੀ ਮੰਗ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਪੀ ਏ ਯੂ ਕੈਂਪਸ ਵਿਚ ਧਰਨੇ ਵਾਲੀ ਥਾਂ ਪਹੁੰਚੇ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਭਰੋਸਾ ਦੁਆਇਆ ਕਿ ਰਾਜਪਾਲ ਨੂੰ ਮਿਲਣ ਤੋਂ ਇਲਾਵਾ ਅਕਾਲੀ ਦਲ ਇਹ ਮਾਮਲਾ ਜਨਤਕ ਤੌਰ ’ਤੇ ਵੀ ਚੁੱਕੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਮੁੱਖ ਮੰਤਰੀ ਦਾ ਘਿਰਾਓ ਵੀ ਕਰਾਂਗੇ ਪਰ ਤੁਹਾਨੂੰ ਤਕਲੀਫ ਨਹੀਂ ਹੋਣ ਦਿਆਂਗੇ।
ਆਪ ਸਰਕਾਰ ਵੱਲੋਂ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਦੀਆਂ ਖਾਲੀ ਪਈਆਂ 1000 ਪੋਸਟਾਂ ਭਰਨ ਵਿਚ ਕੋਈ ਦਿਲਚਸਪੀ ਨਾ ਵਿਖਾਉਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਨੌਜਵਾਨ ਖੇਤੀਬਾੜੀ ਟੈਕਨੌਕਰੈਟਸ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੀ ਏ ਯੂ ਦੇ ਵਿਦਿਆਰਥੀ ਪਿਛਲੇ 10 ਦਿਨਾ ਤੋਂ ਸੰਘਰਸ਼ ਕਰ ਰਹੇ ਹਨ ਪਰ ਆਪ ਸਰਕਾਰ ਉਹਨਾਂ ਦੇ ਹਾਲਾਤਾਂ ਪ੍ਰਤੀ ਇੰਨੀ ਬੇਪਰਵਾਹ ਹੈ।