ਲੁਧਿਆਣਾ : ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਤੇ ਉੱਘੀ ਪੰਜਾਬੀ ਕਵਿੱਤਰੀ ਤੇ ਵਿਦਵਾਨ ਡਾਃ ਨਬੀਲਾ ਰਹਿਮਾਨ ਨੂੰ ਯੂਨੀਵਰਸਿਟੀ ਆਫ਼ ਝੰਗ ਦੀ ਵਾਈਸ ਚਾਂਸਲਰ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਹ ਖ਼ੁਸ਼ਖਬਰੀ ਡਾਃ ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਰਾਹੀਂ ਅੱਜ ਸਵੇਰੇ ਹੀ ਹਾਸਲ ਹੋਈ ਹੈ। ਡਾਃ ਜਸਬੀਰ ਕੌਰ ਇਸੇ ਹਫ਼ਤੇ ਪੰਜਾਬ ਦੀ ਰਬਾਬੀ ਪਰੰਪਰਾ ਬਾਰੇ ਖੋਜ ਕਰਨ ਤੇ ਵਾਰਿਸ ਸ਼ਾਹ ਤ੍ਰੈਸ਼ਤਾਬਦੀ ਸਿਲਸਿਲੇ ਚ ਡਾਃ ਸੁਰਜੀਤ ਕੌਰ ਸੰਧੂ ਸਮੇਤ ਪਾਕਿਸਤਾਨ ਜਾ ਕੇ ਪਰਤੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ, ਕਨਵੀਨਰ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਕਾਰਜਕਾਰਨੀ ਦੇ ਮੈਂਬਰ ਸੁਖਜੀਤ ਤੇ ਮਨਜਿੰਦਰ ਧਨੋਆ ਨੇ ਵੀ ਡਾਃ ਨਬੀਲਾ ਰਹਿਮਾਨ ਦੀ ਇਸ ਪਦ ਉੱਨਤੀ ਤੇ ਮੁਬਾਰਕ ਦਿੱਤੀ ਹੈ।