ਲੁਧਿਆਣਾ : 3 ਪੰਜਾਬ ਗਰਲਜ਼ ਬਟਾਲੀਅਨ NCC ਵਲੋਂ ਖਾਲਸਾ ਕਾਲਜ ਗਰਲਜ਼ ਵਿਖੇ ਚੱਲ ਰਹੇ NCC ਕੈਂਪ ਦੌਰਾਨ ਲਗਭਗ 200 NCC ਕੈਡਿਟਾਂ ਵੱਲੋਂ ਨਸ਼ਾ ਮੁਕਤ ਪੰਜਾਬ ਰੈਲੀ ਕੱਢੀ ਗਈ। ਕਰਨਲ ਅਮਨ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜੀਸੀਆਈ ਪ੍ਰੀਤੀ ਅਤੇ ਪ੍ਰਤਿਭਾ ਸੂਬੇਦਾਰ ਜੈ ਸਿੰਘ, ਸੂਬੇਦਾਰ ਮੇਜਰ ਸੁਰਿੰਦਰ ਕੁਮਾਰ ਟ੍ਰੇਨਿੰਗ ਅਫ਼ਸਰ ਚੰਦਰ ਸ਼ਰਮਾ ਅਤੇ ਪੱਲਵੀ ਕੈਡਿਟਾਂ ਦੇ ਨਾਲ ਰੈਲੀ ਵਿੱਚ ਸ਼ਾਮਲ ਹੋਏ।
ਜਿਹੜੇ ਨੌਜਵਾਨ ਸਾਡੇ ਦੇਸ਼ ਦਾ ਉੱਜਵਲ ਭਵਿੱਖ ਹਨ, ਉਹ ਨਸ਼ਿਆਂ ਦੀ ਭੈੜੀ ਲਤ ਵਿੱਚ ਪੈ ਕੇ ਆਪਣੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਕੈਡਿਟਾਂ ਦੀ ਇਸ ਰੈਲੀ ਨੂੰ ਕੱਢਣ ਦਾ ਮਕਸਦ ਅੱਜ ਦੇ ਨੌਜਵਾਨਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕਰਨਾ ਹੈ। ਸਮੂਹ ਕੈਡਿਟਾਂ ਨੇ ਪ੍ਰਣ ਵੀ ਲਿਆ ਕਿ ਉਹ ਨਾ ਤਾਂ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਣਗੇ ।
ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਸਮੂਹ ਲੋਕਾਂ ਦਾ ਸੁਪਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ, ਸਗੋਂ ਨਸ਼ਿਆਂ ਵਿਰੁੱਧ ਇੱਕ ਲੋਕ ਲਹਿਰ ਬਣਾਉਣਾ ਵੀ ਹੈ ਤਾਂ ਜੋ ਹਰ ਵਿਅਕਤੀ ਨਸ਼ਿਆਂ ਵਿਰੁੱਧ ਜੁੜ ਕੇ ਆਪਣਾ ਯੋਗਦਾਨ ਪਾ ਸਕੇ।