ਲੁਧਿਆਣਾ : ਲੋਕਾਂ ਨੂੰ ਆਪਣੇ ਘਰਾਂ ‘ਤੇ ਬਿਨ੍ਹਾਂ ਕਿਸੇ ਪਾਬੰਦੀ ਦੇ ਰਾਸ਼ਟਰੀ ਝੰਡਾ ਲਹਿਰਾਉਣ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਫਲੈਗ ਕੋਡ ਆਫ਼ ਇੰਡੀਆ ਵਿੱਚ ਸੋਧ ਕੀਤੀ ਗਈ ਹੈ, ਜਿਸ ਤਹਿਤ ਹੁਣ ਰਾਸ਼ਟਰੀ ਝੰਡਾ ਦਿਨ ਰਾਤ ਲਹਿਰਾਇਆ ਜਾ ਸਕੇਗਾ।
ਬੁਲਾਰੇ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਫਲੈਗ ਕੋਡ ਆਫ ਇੰਡੀਆ 2002 ਵਿੱਚ ਸੋਧ ਕੀਤੀ ਹੈ ਤਾਂ ਜੋ ਘਰਾਂ/ਨਿੱਜੀ ਅਦਾਰਿਆਂ ‘ਤੇ ਰਾਤ ਨੂੰ ਵੀ ਰਾਸ਼ਟਰੀ ਝੰਡਾ ਲਹਿਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਝੰਡਾ ਸੂਰਜ ਚੜ੍ਹਨ ਤੋਂ ਬਾਅਦ ਲਹਿਰਾਇਆ ਅਤੇ ਅਸਤ ਹੋਣ ਤੋਂ ਪਹਿਲਾਂ ਉਤਾਰ ਲਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਸਰਕਾਰੀ ਜਾਂ ਨਿੱਜੀ ਸੰਸਥਾਵਾਂ ਜਾਂ ਵਪਾਰਕ ਅਦਾਰਿਆਂ ਦੇ ਮੈਂਬਰ ਰਾਸ਼ਟਰੀ ਝੰਡੇ ਦੀ ਸ਼ਾਨ ਲਈ ਸਾਰੇ ਦਿਨ ਮੌਕਿਆਂ ‘ਤੇ ਸਨਮਾਨ ਨਾਲ ਝੰਡਾ ਲਹਿਰਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਦਮ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਲਹਿਰ ਵਿੱਚ ਸ਼ਾਮਲ ਹੋਣ ਲਈ, ਆਪਣੇ ਘਰਾਂ ‘ਤੇ ਕੌਮੀ ਝੰਡਾ ਲਹਿਰਾਉਣ ਦੀ ਸਹੂਲਤ ਦੇਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਹੱਥ ਨਾਲ ਕੱਤਿਆ ਅਤੇ ਹੱਥਾਂ ਨਾਲ ਬੁਣਿਆ ਜਾਂ ਮਸ਼ੀਨ ਨਾਲ ਬਣਿਆ, ਸੂਤੀ/ਪੋਲੀਏਸਟਰ/ਉਨ/ਸਿਲਕ ਖਾਦੀ ਬੰਟਿੰਗ ਦਾ ਹੋਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਇਮਾਰਤਾਂ ਲਈ ਸੂਰਜ ਚੜ੍ਹਨ ਤੋਂ ਬਾਅਦ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਝੰਡਾ ਲਹਿਰਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਝੰਡਾ ਆਇਤਾਕਾਰ ਆਕਾਰ ਦਾ ਹੋਣਾ ਚਾਹੀਦਾ ਹੈ ਅਤੇ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ 3:2 ਹੋਣਾ ਚਾਹੀਦਾ ਹੈ ਬੁਲਾਰੇ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ 75ਵੇਂ ਸੁਤੰਤਰਤਾ ਦਿਵਸ ਮੌਕੇ ‘ਹਰ ਘਰ ਤਿਰੰਗਾ’ ਪਹਿਲਕਦਮੀ ਤਹਿਤ ਘਰਾਂ, ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ ‘ਤੇ ਤਿੰਨ ਲੱਖ ਤੋਂ ਵੱਧ ਕੌਮੀ ਝੰਡੇ ਲਹਿਰਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੰਡ ਕੇਂਦਰ ਬਣਾਏ ਜਾਣਗੇ, ਜਿੱਥੇ ਇਨ੍ਹਾਂ ਵੰਡ ਕੇਂਦਰਾਂ ਵਿੱਚ ਲੋਕਾਂ ਨੂੰ ਵੱਡੇ ਆਕਾਰ ਦਾ ਝੰਡਾ 25 ਰੁਪਏ ਵਿੱਚ, ਦਰਮਿਆਨੇ ਆਕਾਰ ਦਾ ਝੰਡਾ 18 ਰੁਪਏ ਵਿੱਚ ਅਤੇ 6×9 ਇੰਚ ਦਾ ਝੰਡਾ 9 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਥਾਨਕ ਸੈਲਫ ਹੈਲਪ ਗਰੁੱਪਾਂ ਵੱਲੋਂ ਰਾਸ਼ਟਰੀ ਝੰਡੇ ਵੀ ਤਿਆਰ ਕੀਤੇ ਜਾ ਰਹੇ ਹਨ ਜੋ ਇਸ ਪ੍ਰੋਗਰਾਮ ਲਈ ਲੋਕਾਂ ਨੂੰ ਵੀ ਉਪਲੱਬਧ ਕਰਵਾਏ ਜਾਣਗੇ।