ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ‘ਕਿੰਡਰਗਾਰਟਨ’ ਦੇ ਬੱਚਿਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਤੀਜ ਦਾ ਤਿਉਹਾਰ ਮਨਾਇਆ। ਇਸ ਮੌਕੇ ਸਾਰੇ ਬੱਚੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜੇ ਹੋਏ ਨਜ਼ਰ ਆਏ। ਇਸ ਦੌਰਾਨ ਬੱਚਿਆਂ ਨੇ ਖੀਰ ਤੇ ਪੂੜਿਆਂ ਦਾ ਵੀ ਖੂਬ ਅਨੰਦ ਮਾਣਿਆ।
ਇਸ ਮੌਕੇ ‘ਸਾਵਨ ਝੂਲਾ’ ਅਤੇ ਸੈਲਫੀ ਕਾਰਨਰ ਸਭ ਤੋਂ ਵੱਧ ਖਿੱਚ ਦੇ ਕੇਂਦਰ ਰਹੇ। ਬੱਚਿਆਂ ਨੇ ਗਿੱਧੇ ਅਤੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਵੀ ਕੀਤੀ। ਇਸ ਦੌਰਾਨ ਬਿਹਤਰ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ‘ਸਾਵਨ ਪ੍ਰਿੰਸ’ ‘ਸਾਵਨ ਪ੍ਰਿੰਸਸ’ ‘ਪੰਜਾਬੀ ਗੱਭਰੂ’ ‘ਪੰਜਾਬੀ ਮੁਟਿਆਰ’ ‘ਸਾਵਨ ਕਿੰਗ’ ਅਤੇ ‘ਸਾਵਨ ਕਵੀਨ’ ਦੇ ਅਹੁਦਿਆਂ ਨਾਲ ਸਨਮਾਨਿਆ ਵੀ ਗਿਆ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਨੰਨ੍ਹੇ – ਮੁੰਨੇ ਬੱਚਿਆਂ ਨੂੰ ਤੀਜ਼ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਉਹਨਾਂ ਨਾਲ਼ ਹੀ ਬੱਚਿਆਂ ਨੂੰ ਹਮੇਸ਼ਾਂ ਖੁਸ਼ ਰਹਿਣ ਲਈ, ਮਿਹਨਤ ਕਰਨ ਲਈ ਅਤੇ ਵੱਡਿਆਂ ਦਾ ਆਦਰ-ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ਼ ਹੀ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦੇ ਨਾਲ ਮਿਲ ਕੇ ਤੀਜ਼ ਦੇ ਤਿਉਹਾਰ ਦਾ ਖੂਬ ਅਨੰਦ ਮਾਣਿਆ।