ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਜੋਨ – ਸੀ ਦੇ ਜ਼ੋਨਲ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਕੌਰ , ਸਿਹਤ ਅਫਸਰ ਡਾ . ਵਿਪੁਲ ਮਲਹੋਤਰਾ ਅਤੇ ਸੈਨਟਰੀ ਇੰਸਪੈਕਟਰ ਅਮਨਦੀਪ ਸਿੰਘ ਨਾਲ ਗਿਆਸਪੁਰਾ ਸਥਿੱਤ ਫਲੈਟਾਂ ਵਿੱਚ ਲੱਗੇ ਕੂੜੇ ਦੇ ਡੰਪ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਤੇ ਵਿਧਾਇਕਾ ਬੀਬੀ ਛੀਨਾ ਨੇ ਉਕਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇੱਥੋਂ ਇਸ ਕੂੜੇ ਦੇ ਡੰਪ ਨੂੰ ਚੁਕਵਾ ਕੇ ਤਾਜਪੁਰ ਰੋਡ ਸਥਿੱਤ ਡੰਪ ਉੱਤੇ ਭੇਜਿਆ ਜਾਵੇ ।
ਉਨ੍ਹਾਂ ਕਿਹਾ ਕਿ ਇਸ ਕੂੜੇ ਦੇ ਡੰਪ ਕਾਰਨ ਆਸ – ਪਾਸ ਰਹਿਣ ਵਾਲੇ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਇਸ ਡੰਪ ਤੋਂ ਇੰਨੀ ਬਦਬੂ ਫੈਲਦੀ ਹੈ ਜੋ ਦੂਰ – ਦੂਰ ਤੱਕ ਲੋਕਾਂ ਨੂੰ ਪ੍ਰੇਸ਼ਾਨ ਕਰਦੀ। ਇਥੋਂ ਲੰਘਣ ਵਾਲੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ । ਬੀਬੀ ਛੀਨਾ ਨੇ ਕਿਹਾ ਕਿ ਜਦੋਂ ਤੱਕ ਕੰਪੈਕਟਰ ਨਹੀਂ ਲੱਗ ਜਾਂਦਾ, ਇੱਥੋਂ ਰੋਜ਼ਾਨਾ ਕੂੜਾ ਚੁਕਵਾਇਆ ਜਾਵੇ । ਬੀਬੀ ਛੀਨਾ ਵੱਲੋਂ ਆਦੇਸ਼ ਮਿਲਣ ਉਪਰੰਤ ਨਿਗਮ ਅਧਿਕਾਰੀਆਂ ਨੇ ਤੁਰੰਤ ਹੀ ਇੱਥੇ ਪਏ ਕੂੜੇ ਦੇ ਢੇਰ ਨੂੰ ਚੁਕਵਾ ਦਿੱਤਾ ।
ਇਸ ਤੋਂ ਉਪਰੰਤ ਬੀਬੀ ਛੀਨਾ ਵੱਲੋਂ ਢੰਡਾਰੀ ਸਥਿੱਤ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸ 30 ਬਿਸਤਰਿਆਂ ਦੇ ਹਸਪਤਾਲ ਦੀ ਅਜਿਹੀ ਦੁਰਦਸ਼ਾ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ । ਉਨ੍ਹਾਂ ਕਿਹਾ ਕਿ ਪਿੱਛਲੇ 10 ਸਾਲ ਇਸ ਹਲਕੇ ਤੋਂ ਵਿਧਾਇਕ ਰਹੇ ਵਿਅਕਤੀ ਨੇ ਹਲਕੇ ਦਾ ਕੁਝ ਨਹੀਂ ਸੰਵਾਰਿਆ ।
ਉਨ੍ਹਾਂ ਕਿਹਾ ਕਿ ਹਲਕਾ ਇੰਨਾ ਪੱਛੜਿਆ ਹੋਇਆ ਹੈ ਕਿ ਇਸ ਦੇ ਸੁਧਾਰ ਲਈ ਕੁਝ ਸਮਾਂ ਲੱਗੇਗਾ ਪਰ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾ ਕੇ ਦਿਖਾਵਾਂਗੇ । ਉਨ੍ਹਾਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੀ ਸਾਡਾ ਮੁੱਖ ਟੀਚਾ ਹੈ । ਇਸ ਮੌਕੇ ਪ੍ਰਮਿੰਦਰ ਸਿੰਘ ਸੌਂਦ , ਹਰਪ੍ਰੀਤ ਸਿੰਘ ਪੀ .ਏ ਆਦਿ ਵੀ ਹਾਜ਼ਰ ਸਨ ।