ਲੁਧਿਆਣਾ : ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ (ਅੰਗਹੀਣਾਂ ਲਈ) ਵੱਲੋਂ ਪਹਿਲੀ ਅਗਸਤ, 2022 ਤੋਂ ਅੰਗਹੀਣਾਂ ਲਈ ਇੱਕ ਸਾਲ ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ। ਸਹਾਇਕ ਡਾਇਰੈਕਟਰ ਆਸ਼ੀਸ਼ ਕੁੱਲੂ ਨੇ ਦੱਸਿਆ ਕਿ ਅੰਗਹੀਣਾਂ ਲਈ 01 ਅਗਸਤ, 2022 ਤੋਂ ਸੁਰੂ ਹੋਣ ਵਾਲੇ ਕੋਰਸਾਂ ਵਿੱਚ ਬੁਣਾਈ, ਕਢਾਈ ਅਤੇ ਹੌਜ਼ਰੀ, ਖਪਤਕਾਰ ਇਲੈਕਟ੍ਰੋਨਿਕਸ, ਜਨਰਲ ਮਕੈਨਿਕ, ਡ੍ਰੈਸ ਮੇਕਿੰਗ ਅਤੇ ਕੰਪਿਊਟਰ ਐਪਲੀਕੇਸ਼ਨ ਦੇ ਕੋਰਸ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ), ਭਾਰਤ ਸਰਕਾਰ ਦੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅੰਗਹੀਣ ਵਿਅਕਤੀਆਂ ਦੀ ਸਿਖਲਾਈ ਤੇ ਰੋਜ਼ਗਾਰ ਲਈ ਸਥਾਪਤ ਕੀਤੀ ਗਈ ਇੱਕ ਉੱਘੀ ਸੰਸਥਾ ਹੈ। ਇਹ ਕੇਂਦਰ ਅੰਗਹੀਣ ਵਿਅਕਤੀਆਂ ਲਈ ਰੋਜ਼ਗਾਰ ਰਜਿਸ਼ਟ੍ਰੇਸ਼ਨ, ਸਵੈ-ਰੋਜ਼ਗਾਰ, ਹੁਨਰ ਵਿਕਾਸ ਅਤੇ ਕਿੱਤਾਮੁਖੀ ਮਾਰਗਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦਾ ਬੱਲ ਪ੍ਰਦਾਨ ਕਰਦਾ ਹੈ।
ਸਹਾਇਕ ਡਾਇਰੈਕਟਰ ਸ੍ਰੀ ਆਸ਼ੀਸ਼ ਕੁੱਲੂ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਉਮੀਦਵਾਰ ਦੀ ਉਮਰ 15 ਤੋਂ 50 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ ਅਤੇ ਸਿਖਲਾਈ ਦੌਰਾਨ ਡੀ.ਬੀ.ਟੀ. ਦੇ ਮਾਧਿਅਮ ਰਾਹੀਂ 2500/- ਰੁਪਏ ਪ੍ਰਤੀ ਮਹੀਨਾ ਵਜੀਫ਼ਾ ਵੀ ਦਿੱਤਾ ਜਾਵੇਗਾ।
ਚਾਹਵਾਨ ਅੰਗਹੀਣ ਉਮੀਦਵਾਰਾਂ ਵੱਲੋਂ ਆਪਣੀ ਆਧਾਰ ਕਾਰਡ ਨਾਲ ਲਿੰਕ ਪਾਸਬੁੁੱਕ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ, ਅਪੰਗਤਾ ਦਾ ਸਰਟੀਫਿਕੇਟ, ਵਿਦਿਅਕ ਯੋਗਤਾ ਦੇ ਪ੍ਰਮਾਣ ਪੱਤਰ, ਜਾਤੀ ਪ੍ਰਮਾਣ ਪੱਤਰ (ਸਾਰੇ ਅਸਲ) ਅਤੇ ਇੱਕ ਸੈਟ ਫੋਟੋ ਕਾਪੀ ਨਾਲ ਲੈ ਕੇ ਸੈਂਟਰ ਵਿਖੇ ਦਾਖਲਾ ਲਿਆ ਜਾ ਸਕਦਾ ਹੈ।