ਲੁਧਿਆਣਾ : ਪਿੰਡ ਝਾਂਡੇ ’ਚ ਸਥਿਤ ਕੇਨਰਾ ਬੈਂਕ ਦੀ ਬ੍ਰਾਂਚ ’ਚੋਂ ਕੁਝ ਲੋਕਾਂ ਨੇ ਢਾਈ ਕਿਲੋ ਨਕਲੀ ਸੋਨਾ ਗਿਰਵੀ ਰੱਖ ਕੇ 1.15 ਕਰੋੜ ਰੁਪਏ ਦਾ ਕਰਜ਼ ਲੈ ਲਿਆ। ਕਰਜ਼ ਦੀਆਂ ਕਿਸ਼ਤਾਂ ਨਾ ਭਰਨ ’ਤੇ ਜਦੋਂ ਬੈਂਕ ਅਧਿਕਾਰੀਆਂ ਨੇ ਸੋਨੇ ਦੀ ਦੁਬਾਰਾ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਜੋ ਗਹਿਣੇ ਗਿਰਵੀ ਰੱਖੇ ਗਏ ਹਨ, ਉਹ ਨਕਲੀ ਸੋਨੇ ਦੇ ਹਨ।
ਬੈਂਕ ਨੇ ਜਿਸ ਜਿਊਲਰ ਨੂੰ ਸੋਨੇ ਦੀ ਪਰਖ ਲਈ ਨਿਯੁਕਤ ਕੀਤਾ ਸੀ, ਉਹ ਵੀ ਮੁਲਜ਼ਮਾਂ ਨਾਲ ਇਸ ਸਾਜ਼ਿਸ਼ ’ਚ ਸ਼ਾਮਲ ਹੈ। ਥਾਣਾ ਸਦਰ ਦੀ ਪੁਲਿਸ ਨੇ ਅਗਰ ਨਗਰ ਦੇ ਰਹਿਣ ਵਾਲੇ ਰਾਜ ਕੁਮਾਰ, ਹੈਬੋਵਾਲ ਦੀ ਹਰਮੀਤ ਕਾਲੋਨੀ ਦੇ ਆਸ਼ੀਸ਼ ਸੂਦ, ਉਸ ਦੀ ਧੀ ਰਜਨੀ ਸੂਦ ਤੇ ਮਾਂ ਚਿੰਤਪੂਰਨੀ ਡਾਇਮੰਡ ਦੇ ਆਸ਼ੀਸ਼ ਗੋਇਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਕੇਨਰਾ ਬੈਂਕ ਦੀ ਬ੍ਰਾਂਚ ਮੈਨੇਜਰ ਕਮਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਰਾਜ ਕੁਮਾਰ ਤੇ ਉਸ ਦੇ ਪਰਿਵਾਰ ਨੇ ਢਾਈ ਕਿਲੋ ਸੋਨੇ ਦੇ ਗਹਿਣੇ ਬੈਂਕ ਕੋਲ ਗਿਰਵੀ ਰੱਖ ਕੇ 1.15 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਸੋਨੇ ਦੇ ਗਹਿਣਿਆਂ ਦੀ ਜਾਂਚ ਮਾਂ ਚਿੰਤਪੂਰਨੀ ਡਾਇਮੰਡ ਦੇ ਜਿਊਲਰ ਆਸ਼ੀਸ਼ ਗੋਇਲ ਨੇ ਕੀਤੀ ਸੀ। ਕਰਜ਼ ਲੈਣ ਤੋਂ ਬਾਅਦ ਇਹ ਲੋਕ ਕਿਸ਼ਤਾਂ ਨਹੀਂ ਦੇ ਰਹੇ ਸਨ। ਸ਼ੱਕ ਹੋਣ ’ਤੇ ਉਨ੍ਹਾਂ ਨੇ ਗਿਰਵੀ ਰੱਖੇ ਸੋਨੇ ਦੇ ਗਹਿਣਿਆਂ ਦੀ ਮੁੜ ਤੋਂ ਜਾਂਚ ਕਰਵਾਈ ਤਾਂ ਇਹ ਨਕਲੀ ਨਿਕਲੇ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਵੀਰਵਾਰ ਨੂੰ ਕੇਸ ਦਰਜ ਕਰ ਲਿਆ।