ਲੁਧਿਆਣਾ : ਇੰਟਰਨਸ਼ਿਪ ਭੱਤਾ 6200 ਰੁਪਏ ਤੋਂ 17 ਹਜ਼ਾਰ ਰੁਪਏ ਕਰਨ ਦੀ ਮੰਗ ਨੂੰ ਲੈ ਕੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਸ਼ੂ ਹਸਪਾਤ ਦੀ ਅਣਮਿੱਥੇ ਸਮੇਂ ਲਈ ਓ.ਪੀ.ਡੀ. ਬੰਦ ਕਰ ਦਿੱਤੀ ਹੈ। ਮੰਗ ਪੂਰੀ ਹੋਣ ਤੱਕ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਵੀ ਵਿਦਿਆਰਥੀਆਂ ਨੇ ਐਲਾਨ ਕੀਤਾ ਹੈ।
ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੰਤਰੀਆਂ, ਅਧਿਕਾਰੀਆਂ ਤੇ ਹੋਰ ਆਗੂਆਂ ਕੋਲ ਗੇੜੇ ਮਾਰ ਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕਾਫ਼ੀ ਜੱਦੋ ਜਹਿਰ ਕੀਤੀ। ਵਿਦਿਆਰਥੀਆਂ ਨੂੰ ਹਰ ਪਾਸੋਂ ਸਿਰਫ਼ ਲਾਅਰੇ ਹੀ ਮਿਲੇ। ਜਿਸ ਤੋਂ ਦੁਖੀ ਹੋ ਕੇ ਵੈਟਰਨਰੀ ਸਟੂਡੈਂਟ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਮੁੜ ਤੋਂ ਸੰਘਰਸ਼ ਆਰੰਭ ਕਰ ਦਿੱਤਾ ਹੈ। ਵਿਦਿਆਰਥੀਆਂ ਵਲੋਂ 24 ਘੰਟੇ ਨਿਰੰਤਰ ਇਹ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਵੈਟਰਨਰੀ ਟੀਚਿੰਗ ਐਸੋਸੀਏਸ਼ਨ ਵਲੋਂ ਸਰਕਾਰ ਦੇ ਅੜੀਅਲ ਤੇ ਨਾ ਪੱਖੀ ਵਤੀਰੇ ਵਿਰੁੱਧ ਵਿਦਿਆਰਥੀਆਂ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅਧਿਆਪਕਾਂ ਨੇ ਆਪਣੇ ਸਮਰਥਨ ਸਖ਼ਤ ਲਹਿਜੇ ਵਿਚ ਪੇਸ਼ ਕੀਤਾ ਹੈ। ਇਸ ਮੌਕੇ ਰਾਹੁਲ ਕੁਮਾਰ, ਸਬਨਪ੍ਰੀਤ ਸਿੰਘ, ਪੁਖਰਾਜ ਸਿੰਘ, ਪ੍ਰਭਵੀਰ ਸਿੰਘ, ਜਤਿਨ ਕੁਮਾਰ, ਉਦੈ ਕੰਬੋਜ, ਪਿ੍ਥਮ ਪ੍ਰਤੀਕ ਸਿੰਘ ਆਦਿ ਹਾਜ਼ਰ ਸਨ।