ਲੁਧਿਆਣਾ : ਲੁਧਿਆਣਾ ਸ਼ਹਿਰ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਦੇ ਆਗਾਮੀ ਮਲੇਸ਼ੀਆਂ ਕਰਾਟੇ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਲਈ ਹੋਣ ਵਾਲਾ ਖਰਚਾ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਐਨ.ਜੀ.ਓ. ਹੈਲਪਫੁਲ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਲੁਧਿਆਣਾ ਸ਼ਹਿਰ ਦੀਆਂ ਹੋਣਹਾਰ ਖਿਡਾਰਨਾਂ ਪੈਸਿਆਂ ਦੀ ਥੁੜ ਕਰਕੇ ਪਹਿਲਾਂ ਵੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣ ਤੋਂ ਵਾਂਝੀਆਂ ਰਹਿ ਗਈਆਂ ਸਨ।
ਉਨ੍ਹਾਂ ਤੁਰੰਤ ਇਸ ਮਸਲੇ ‘ਤੇ ਪੈਰਵੀ ਕਰਦਿਆਂ ਐਨ.ਜੀ.ਓ. ਹੈਲਪਫੁਲ ਦੇ ਸਹਿਯੋਗ ਨਾਲ ਬੱਚੀਆਂ ਦੇ ਆਗਾਮੀ 02 ਤੋਂ 6 ਸਤੰਬਰ ਵਾਲੇ ਮਲੇਸ਼ੀਆ ਕਰਾਟੇ ਚੈਂਪਿਅਨਸ਼ਿਪ ਟੂਰ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ। ਉਨ੍ਹਾਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਨੂੰ ਆਪਣੇ ਸਥਾਨਕ ਦਫ਼ਤਰ ਵਿਖੇ ਚੈਕ ਸਪੁਰਦ ਕੀਤਾ। ਉਨ੍ਹਾਂ ਐਨ.ਜੀ.ਓ. ਹੈਲਪਫੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਐਨ.ਜੀ.ਓ. ਹੈਲਪਫੁਲ ਦੇ ਨੁਮਾਇੰਦਿਆਂ ਦੇ ਨਾਲ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਲੁਧਿਆਣਾ ਸ਼ਹਿਰ, ਆਪਣੇ ਪੰਜਾਬ ਸੂਬੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਇਸ ਤੋਂ ਇਲਾਵਾ ਬੱਚੇ ਖੇਡਾਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਦਿਆਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਨ।