ਲੁਧਿਆਣਾ : ਪੰਜਾਬ ’ਚ ਮੌਨਸੂਨ ਸਰਗਰਮ ਹੈ ਅਤੇ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਠ ਤੋਂ 10 ਜੁਲਾਈ ਤਕ ਸੂਬੇ ’ਚ ਬਾਰਿਸ਼ ਹੋਵੇਗੀ। ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਤੇ ਬੂੰਦਾਬਾਂਦੀ ਦਾ ਅਨੁਮਾਨ ਹੈ ਤੇ ਕੁਝ ਥਾਈਂ ਦਰਮਿਆਨੀ ਬਾਰਿਸ਼ ਹੋਵੇਗੀ। 9 ਤੇ 10 ਜੁਲਾਈ ਨੂੰ ਕੁਝ ਥਾਵਾਂ ’ਤੇ ਜ਼ੋਰਦਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਵੀਰਵਾਰ ਨੂੰ ਵੀ ਸੂਬੇ ’ਚ ਹੁੰਮਸ ਭਰੀ ਗਰਮੀ ਰਹੀ ਭਾਵੇਂ ਕਿਤੇ ਕਿਤੇ ਬੱਦਲਵਾਈ ਹੋਣ ਕਾਰਨ ਰਾਹਤ ਵੀ ਮਿਲੀ। ਅੰਕੜਿਆਂ ਦੀ ਗੱਲ ਕਰੀਏ ਤਾਂ 1 ਤੋਂ 7 ਜੁਲਾਈ ਤਕ ਰੂਪਨਗਰ ‘ਚ ਸਭ ਤੋਂ ਵੱਧ 202.6 ਮਿਲੀਮੀਟਰ ਸੀਜ਼ਨਲ ਬਾਰਿਸ਼ ਹੋਈ। ਇਸ ਤੋਂ ਇਲਾਵਾ ਪਠਾਨਕੋਟ ‘ਚ 164.5 ਮਿਲੀਮੀਟਰ, ਲੁਧਿਆਣਾ ‘ਚ 125.9 ਮਿਲੀਮੀਟਰ, ਪਟਿਆਲਾ ਵਿੱਚ 89.5 ਮਿਲੀਮੀਟਰ, ਬਠਿੰਡਾ ‘ਚ 87.6 ਮਿਲੀਮੀਟਰ, ਜਲੰਧਰ ਵਿੱਚ 79.9 ਮਿਲੀਮੀਟਰ ਤੇ ਅੰਮ੍ਰਿਤਸਰ ਵਿੱਚ 50.9 ਮਿਲੀਮੀਟਰ ਮੀਂਹ ਪਿਆ।
ਮੌਸਮ ਵਿਭਾਗ ਅਨੁਸਾਰ 8 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ‘ਚ ਦਿਨ ਦਾ ਤਾਪਮਾਨ 34.2 (ਆਮ ਤੋਂ ਇੱਕ ਡਿਗਰੀ ਘੱਟ), ਜਲੰਧਰ ਵਿੱਚ 34.8 (ਆਮ), ਪਟਿਆਲਾ ਵਿੱਚ 35.6 (ਆਮ), ਅੰਮ੍ਰਿਤਸਰ ਵਿੱਚ 37.8 (ਆਮ ਤੋਂ ਇੱਕ ਡਿਗਰੀ ਵੱਧ) ਰਿਹਾ।