ਲੁਧਿਆਣਾ : ਅੰਗਹੀਣ ਨੌਜਵਾਨਾਂ ਲਈ ਨਿਵੇਕਲੀ ਪਹਿਲ ਕਰਦਿਆਂ, ਲੁਧਿਆਣਾ ਪੰਜਾਬ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਇਨ੍ਹਾਂ ਨੌਜਵਾਨਾਂ ਲਈ ਇੱਕ ਸਮਰਪਿਤ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸਦਾ ਅੱਜ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਪਤੀ ਉੱਪਲ ਵੱਲੋਂ ਸਥਾਨਕ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ ਵਿੱਚ ਉਦਘਾਟਨ ਕੀਤਾ ਗਿਆ।
ਜੀ.ਜੀ.ਐਨ. ਵਿਖੇ ਹੋਏ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮਿਸ਼ਨ ਡਾਇਰੈਕਟਰ ਦੀਪਤੀ ਉੱਪਲ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਦਾ ਪੂਰੇ ਪੰਜਾਬ ਵਿੱਚ ਵਿਸਤਾਰ ਕੀਤਾ ਜਾਵੇਗਾ ਜਿਸ ਵਿੱਚ 180 ਅੰਗਹੀਣ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਟਰੇਡਾਂ ਲਈ ਮੁਫਤ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਵੇਗੀ। ਖਾਸ ਤੌਰ ‘ਤੇ, ਕੁੱਲ 60 ਚੁਣੇ ਗਏ ਵਿਦਿਆਰਥੀਆਂ ਨੂੰ ਡਾਟਾ ਐਂਟਰੀ ਆਪਰੇਟਰਾਂ ਦੀ 380 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਪਹਿਲਕਦਮੀ ਨੂੰ ਮਾਨਵਤਾ ਦੀ ਸੱਚੀ ਸੇਵਾ ਦੱਸਦਿਆਂ, ਮਿਸ਼ਨ ਡਾਇਰੈਕਟਰ ਨੇ ਸਰੀਰਕ ਤੌਰ ‘ਤੇ ਅਪਾਹਜ ਵਿਅਕਤੀਆਂ ਦੇ ਜੀਵਨ ਨੂੰ ਬਦਲਣ ਦੇ ਉਦੇਸ਼ ਨਾਲ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ) ਨਾਲ ਸਹਿਯੋਗ ਕਰਨ ਲਈ ਐਨ.ਜੀ.ਓ. ਡੈਫ ਕ੍ਰਿਕਟ ਫੈਡਰੇਸ਼ਨ (ਡੀ.ਸੀ.ਐਫ.) ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਪੀ.ਐਸ.ਡੀ.ਐਮ ਵੱਧ ਤੋਂ ਵੱਧ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਤਾਂ ਜੋ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਗਹੀਣ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਬਿਹਤਰੀਨ ਢੰਗ ਨਾਲ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਵੀ ਆਪਣੇ ਆਪ ਨੂੰ ਸਮਾਜ ਦਾ ਅਟੁੱਟ ਅੰਗ ਵਜੋਂ ਮਹਿਸੂਸ ਕਰਨ।
ਇਸ ਦੌਰਾਨ ਉਨ੍ਹਾਂ ਨਵੇਂ ਬਣੇ ਸੈਂਟਰ ਦਾ ਦੌਰਾ ਕੀਤਾ ਅਤੇ ਇਸ ਕੋਰਸ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਦਾ ਉਦੇਸ਼ ਨਾ ਸਿਰਫ ਅੰਗਹੀਣ ਵਿਅਕਤੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ ਬਲਕਿ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ ਪਾਸ ਆਊਟ ਉਮੀਦਵਾਰਾਂ ਨੂੰ ਵੱਖ-ਵੱਖ ਕੈਂਪਾਂ ਰਾਹੀਂ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਵਿੱਚ ਹੋਰ ਮਦਦ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਮਿਸ਼ਨ ਡਾਇਰੈਕਟਰ ਰਾਜੇਸ਼ ਤ੍ਰਿਪਾਠੀ, ਗੁਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ ਦੇ ਪ੍ਰਧਾਨ ਐਸ.ਪੀ.ਸਿੰਘ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਹੋਰ ਹਾਜ਼ਰ ਸਨ।