ਸਲੋਕ ਮਃ ੩ ॥
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ ਮਃ ੩ ॥ ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥ ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥ ਮਃ ੩ ॥ ਮਨਮੁਖ ਮੈਲੇ ਮਰਹਿ ਗਵਾਰ ॥ ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥ ਭਨਤਿ ਨਾਨਕੁ ਸੁਣਹੁ ਜਨ ਭਾਈ ॥ ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥ ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥ ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥ ਪਉੜੀ ॥ ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥ ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥ ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥ ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥
ਮੰਗਲਵਾਰ, ੨੧ ਹਾੜ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੫੧)
ਸਲੋਕ ਮਃ ੩ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤਿ (ਪਰਮਾਤਮਾ ਵਿਚ) ਨਹੀਂ ਜੁੜਦੀ । ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ ।ਹੇ ਨਾਨਕ! (ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ।੧।ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ । (ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ ।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ ।੨।ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ । ਨਾਨਕ ਆਖਦਾ ਹੈ—ਹੇ ਭਾਈ ਜਨੋ! ਸੁਣੋ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹਨਾਂ ਦੇ ਸਿਰ ਉਤੇ (ਇਹੋ ਜਿਹਾ) ਕਜ਼ੀਆ ਖਪਾਣਾ ਬਣਿਆ ਹੀ ਰਹਿੰਦਾ ਹੈ । ਮਾਇਆ ਦੇ ਪਿਆਰ ਵਿਚ (ਫਸ ਕੇ ਉਹ ਸਹੀ ਜੀਵਨ ਵਲੋਂ) ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ । ਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ—ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ । ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ-ਮੁਕਾ ਕੇ ਉਹਨਾਂ ਨੂੰ ਖ਼ੁਆਰ ਕਰਦੀ ਹੈ ।੩।ਹੇ ਭਾਈ! ਪਰਮਾਤਮਾ ਦੀ ਭਗਤੀ ਸਦਾ ਕਾਇਮ ਰਹਿਣ ਵਾਲਾ ਧਨ ਹੈ । ਜਿਸ ਮਨੁੱਖ ਨੂੰ ਪਰਮਾਤਮਾ ਨੇ ਭਗਤੀ (ਦੀ ਦਾਤਿ) ਬਖ਼ਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ । ਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ (ਕਿਉਂਕਿ) ਕਿਸੇ ਹੋਰ ਹੱਟ ਵਿਚ ਨਾਹ ਇਹ ਸੌਦਾ ਹੁੰਦਾ ਹੈ ਨਾਹ ਇਸ ਦਾ ਵਣਜ ਹੁੰਦਾ ਹੈ । ਜਿਹੜਾ ਮਨੁੱਖ ਭਗਤ ਜਨਾਂ ਵਲ ਆਪਣਾ ਮੂੰਹ ਰੱਖਦਾ ਹੈ, ਉਸ ਨੂੰ ਇਹ ਸਰਮਾਇਆ ਮਿਲ ਜਾਂਦਾ ਹੈ, ਪਰ ਭਗਤ ਜਨਾਂ ਵਲੋਂ ਮੂੰਹ ਮੋੜਨ ਵਾਲੇ ਦੇ ਸਿਰ ਸੁਆਹ ਹੀ ਪੈਂਦੀ ਹੈ ।ਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਢੁਕਦਾ । ਦਾਸ ਨਾਨਕ ਨੇ (ਭੀ) ਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ (ਇਸ ਵਾਸਤੇ ਦੁਨੀਆ ਦੇ ਧਨ ਵਲੋਂ) ਬੇ-ਮੁਥਾਜ ਰਹਿੰਦਾ ਹੈ ।੭।