ਲੁਧਿਆਣਾ : ਲੁਧਿਆਣਾ ਵਿਚ ਹੌਜਰੀ ਕਾਰੋਬਾਰੀ ਨਾਲ ਵਿਆਹ ਕਰਵਾ ਕੇ ਇਕ ਕੁੜੀ ਨੇ ਉਸ ਨੂੰ ਆਸਟ੍ਰੇਲੀਆ ਲੈ ਕੇ ਜਾਣ ਦਾ ਝਾਂਸਾ ਦੇ ਮੁੰਡੇ ਕੋਲੋਂ ਲੱਖਾਂ ਰੁਪਏ ਠੱਗ ਲਏ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਸ ਨੇ ਕੁੜੀ ਸਮੇਤ 3 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਰ ਦੋਸ਼ੀਆਂ ਦੀ ਪਛਾਣ ਨਿੱਧੀ ਵਾਸੀ ਰੁੜਕਾ ਰੋਡ (ਗੁਰਾਇਆ) , ਪਰਮਜੀਤ ਲਾਲ ਵਾਸੀ ਬੋਪਾਰਾਏ (ਜਲੰਧਰ) ਤੋਂ ਇਲਾਵਾ ਸਤਵਿੰਦਰ ਸਿੰਘ ਵਾਸੀ ਪਿੰਡ ਪੱਤੀ , ਪੱਕਾ ਦਰਵਾਜਾ (ਗੁਰਾਇਆ) ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਏ.ਐੱਸ.ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਕਾਬਾਰਾ ਰੋਡ ਸਥਿਤ ਨਾਨਕ ਨਗਰ ਦੀ ਗਲੀ ਨੰਬਰ 3 ਵਾਸੀ ਵਿੱਕੀ ਕੁਮਾਰ ਨੇ ਮਾਰਚ 2022 ‘ਚ ਪੁਲਸ ਕਮਿਸ਼ਨਰ ਨੂੰ ਇਕ ਸ਼ਿਕਾਇਤ ‘ਚ ਦੱਸਿਆ ਸੀ ਕਿ ਉਸਦਾ ਹੌਜਰੀ ਦਾ ਕਾਰੋਬਾਰ ਹੈ ਅਤੇ 27 ਫਰਵਰੀ 2022 ‘ਚ ਇਕ ਵਿਚੋਲਣ ਦੇ ਜ਼ਰੀਏ ਉਸ ਦਾ ਰਿਸ਼ਤਾ ਜਲੰਧਰ ਦੀ ਨਿੱਧੀ ਨਾਮਕ ਕੁੜੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉੱਥੇ ਰਹਿੰਦੇ ਪਰਮਜੀਤ ਲਾਲ ਨੇ ਖੁਦ ਨੂੰ ਨਿੱਧੀ ਦਾ ਮਾਮਾ ਅਤੇ ਸਤਵਿੰਦਰ ਸਿੰਘ ਨੂੰ ਉਸ ਦਾ ਭਰਾ ਦੱਸਿਆ ਸੀ।
ਰਿਸ਼ਤਾ ਕਰਵਾਉਣ ਵੇਲੇ ਨਿੱਧੀ ਨੇ ਸ਼ਿਕਾਇਤਕਰਤਾ ਨੂੰ ਗੱਲਾਂ ‘ਚ ਲੈ ਕੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਦੀ ਨਾਗਰਿਕ ਹੈ ਅਤੇ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਜਾਵੇਗੀ। ਕੁੜੀ ਦੀਆਂ ਗੱਲਾਂ ‘ਚ ਆ ਕੇ ਸ਼ਿਕਾਇਤਕਰਤਾ ਵਿੱਕੀ ਨੇ ਉਨ੍ਹਾਂ ਨੂੰ 5.70 ਲੱਖ ਰੁਪਏ ਦੇ ਦਿੱਤੇ। ਵਿੱਕੀ ਨੇ ਦੱਸਿਆ ਕਿ ਉਹ ਪੈਸੇ ਸਤਵਿੰਦਰ ਸਿੰਘ ਦੇ ਅਕਾਊਂਟ ‘ਚ ਪਾਏ ਸੀ ਪਰ 1 ਮਾਰਚ ਨੂੰ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਨਾਲ ਧੋਖੇਬਾਜ਼ੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਨਿਧੀ, ਪਰਮਜੀਤ , ਸਤਵਿੰਦਰ ਤੋਂ ਇਲਾਵਾ ਉਨ੍ਹਾਂ ਦੇ ਗੁਆਂਢ ‘ਚ ਰਹਿੰਦੀ ਇਕ ਔਰਤ ਇਕ ਗੈਂਗ ਵਜੋਂ ਕੰਮ ਕਰਦੇ ਹਨ। ਵਿੱਕੀ ਤੋਂ ਪਹਿਲਾਂ ਉਨ੍ਹਾਂ ਨੇ ਫਰੀਦਕੋਟ ਦੇ 2 ਪਰਿਵਾਰਾਂ ਤੋਂ 13 ਲੱਖ ਅਤੇ 2.70 ਲੱਖ ਰੁਪਏ ਠੱਗੇ ਸਨ। ਉਨ੍ਹਾਂ 2 ਪਰਿਵਾਰਾਂ ਨੇ ਵੀ ਇਸ ਗੈਂਗ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਾਰ ਜਦੋਂ ਇਹ ਗੈਂਗ ਵਿੱਕੀ ਨਾਲ ਰਿਸ਼ਤਾ ਕਰਨ ਆਈ ਸੀ ਤਾਂ ਇੰਨ੍ਹਾਂ ਨੇ ਉਸ ਔਰਤ ਨੂੰ ਨਾਲ ਨਹੀਂ ਰੱਖਿਆ।
ਇਸ ਸਬੰਧੀ ਪਤਾ ਲੱਗਣ ‘ਤੇ ਉਹ ਔਰਤ ਵਿੱਕੀ ਕੋਲ ਪੁਹੰਚੀ । ਉਸ ਤੋਂ ਬਾਅਦ ਉਕਤ ਔਰਤ ਨੇ ਹੀ ਨਿੱਧੀ ਦੀ ਗੈਂਗ ਦਾ ਖੁਲਾਸਾ ਕੀਤਾ। ਉਸ ਔਰਤ ਦੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਨਿੱਧੀ ਆਸ੍ਰਟਰੇਲੀਆ ਤੋਂ ਡਿਪੋਰਟ ਹੋਈ ਸੀ। ਉਸ ਦੇ 2 ਵਿਆਹ ਹੋਏ ਹਨ ਅਤੇ 2 ਬੱਚੇ ਵੀ ਹਨ।