ਲੁਧਿਆਣਾ : ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ.ਕੇ. ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਦਿਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਪਿੰਡ ਪਮਾਲ ਅਤੇ ਬੀਰਮੀ ਵਿਖੇ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰਾਂ ਦੀ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ।
ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਇਸ ਮੌਕੇ ਮੌਜੂਦ ਪਿੰਡ ਪਮਾਲ ਦੇ ਸਰਪੰਚ ਸ੍ਰੀ ਜੱਗੀ ਪਮਾਲ ਅਤੇ ਪਿੰਡ ਬੀਰਮੀ ਦੀ ਨਿਗਰਾਨ ਕਮੇਟੀ ਤੋਂ ਵੀ ਕਣਕ ਦੀ ਕੀਤੀ ਜਾ ਰਹੀ ਵੰਡ ਸਬੰਧੀ ਜਾਣਕਾਰੀ ਲਈ। ਮੌਕੇ ਤੇ ਸ੍ਰੀ ਏ.ਕੇ. ਸ਼ਰਮਾ ਵੱਲੋਂ ਵਿਭਾਗ ਦੇ ਸਬੰਧਤ ਸਟਾਫ ਨੂੰ ਅਨਾਜ ਦੀ ਵੰਡ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਕਣਕ ਦੀ ਕੁਆਲਟੀ ਅਤੇ ਮਿਕਦਾਰ ਨੂੰ ਲੋੜਵੰਦਾਂ ਦੀ ਬਣਦੀ ਉਪਲੱਬਧਤਾ ਨੂੰ ਮੁੱਖ ਰੱਖਕੇ ਯਕੀਨੀ ਬਣਾਉਣ ਅਤੇ ਕਿਸੇ ਤਰਾਂ ਦੀ ਲਾਪਰਵਾਹੀ ਨਾਂ ਕਰਨ ਦੀ ਹਦਾਇਤ ਕੀਤੀ ਗਈ।
ਉਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਤੀ ਮੈਬਰ 5 ਕਿਲੋਗ੍ਰਾਮ ਕਣਕ ਦੀ ਵੰਡ ਦਾ ਕੋਟਾ ਨਿਰਧਾਰਤ ਹੈ ਅਤੇ 6 ਮਹੀਨੇ ਦੀ ਇਕੱਠੀ ਕਣਕ ਆਉਣ ਕਾਰਨ 30 ਕਿਲੋਗਰਾਮ ਪ੍ਰਤੀ ਮੈਂਬਰ ਦਾ ਕੋਟਾ ਵੰਡਿਆ ਜਾ ਰਿਹਾ ਹੈ। ਕਰੋਨਾ ਮਹਾਮਾਰੀ ਦੇ ਚੱਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ ਅਤੇ ਲਾਈਨ ਵਿਚ ਲੱਗੇ ਖਪਤਕਾਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਸਟਾਫ ਨੂੰ ਅਲਾਟ ਈ-ਪੋਜ਼ ਮਸ਼ੀਨਾ ਅਤੇ ਸਰਕਾਰੀ ਕੰਡਿਆਂ ਦੀ ਰਿਪੋਰਟ ਦੇਣ ਸਬੰਧੀ ਹਦਾਇਤ ਕੀਤੀ ਗਈ।