ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਫ਼ਤਾਵਾਰ ਚਲਾਏ ਜਾ ਰਹੇ ਪ੍ਰੋਗਰਾਮ ‘ਪੀ.ਏ.ਯੂ. ਲਾਈਵ’ ਵਿੱਚ ਇਸ ਵਾਰ ਨਰਮੇ ਵਿੱਚ ਗੁਲਾਬੀ ਸੁੰਡੀ, ਜੀਵਾਣੂੰ ਖਾਦਾਂ ਦੀ ਮਹੱਤਤਾ, ਮੂੰਗੀ ਦੇ ਮੰਡੀਕਰਨ ਅਤੇ ਮੌਸਮ ਦੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ।
ਨਰਮੇ ਵਿੱਚ ਗੁਲਾਬੀ ਸੁੰਡੀ ਸੰਬੰਧੀ ਡਾ. ਵਿਜੈ ਕੁਮਾਰ ਨੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਾਨੂੰ ਇਸ ਨੂੰ ਕਾਬੂ ਕਰਨ ਦੇ ਲਈ ਇਸ ਦੇ ਸੋਮਿਆਂ ਨੂੰ ਵੇਖਣਾ ਪਵੇਗਾ । ਸਾਨੂੰ ਇਸ ਲਈ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ । ਉਹਨਾਂ ਇਸ ਤੇ ਕਾਬੂ ਕਰਨ ਲਈ ਸਿਫ਼ਾਰਸ਼ ਕੀਤੀਆਂ ਦਵਾਈਆਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਬਾਅਦ ਜੀਵਾਣੂੰ ਖਾਦਾਂ ਸੰਬੰਧੀ ਜਾਣਕਾਰੀ ਡਾ. ਪ੍ਰਤਿਭਾ ਵਿਆਸ ਨੇ ਦਿੱਤੀ ।
ਉਹਨਾਂ ਦੱਸਿਆ ਕਿ ਜੀਵਾਣੂੰ ਖਾਦਾਂ ਜਿੱਥੇ ਵਾਤਾਵਰਨ ਹਿਤੈਸ਼ੀ ਹਨ ਉੱਥੇ ਨਾਲ ਹੀ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਅਹਿਮ ਯੋਗਦਾਨ ਪਾਉਂਦੀਆਂ ਹਨ । ਉਹਨਾਂ ਦੱਸਿਆ ਕਿ ਵਾਤਾਵਰਨ ਵਿੱਚ ਪਾਈ ਜਾਣ ਵਾਲੀ ਨਾਈਟ੍ਰੋਜਨ ਨੂੰ ਖੇਤਾਂ ਵਿੱਚ ਜਜ਼ਬ ਕਰਨ ਲਈ ਜੀਵਾਣੂੰ ਖਾਦਾਂ ਬਹੁਤ ਜ਼ਰੂਰੀ ਹਨ । ਇਸ ਤੋਂ ਬਾਅਦ ਮੂੰਗੀ ਦੀ ਸਫ਼ਲ ਮੰਡੀਕਰਨ ਦੇ ਲਈ ਜਾਣਕਾਰੀ ਮਾਰਕਫੈੱਡ ਦੇ ਜਨਰਲ ਮੈਨੇਜਰ ਸ਼੍ਰੀ ਸੰਦੀਪ ਸੋਫਤ ਨੇ ਦਿੱਤੀ ।