ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਵੈਟਰਨਰੀ ਸਾਇੰਸ ਲੁਧਿਆਣਾ ਨੇ ਅਕਾਦਮਿਕ ਸੈਸ਼ਨ 2022-23 ਲਈ ਪੋਸਟ-ਗ੍ਰੈਜੂਏਟ ਡਿਪਲੋਮੇ, ਸਰਟੀਫ਼ਿਕੇਟ ਕੋਰਸ, ਛੋਟੇ ਕੋਰਸ, ਐਡਵਾਂਸ ਸਿਖਲਾਈ ਕੋਰਸਾਂ ਸੰਬੰਧੀ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ।
ਯੂਨੀਵਰਸਿਟੀ 01 ਜੁਲਾਈ 2022 ਤੋਂ ਇਨ੍ਹਾਂ ਕੋਰਸਾਂ ਲਈ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ ਅਤੇ ਇਸ ਬਾਰੇ ਵੇਰਵੇ ਯੂਨੀਵਰਸਿਟੀ ਦੀ ਵੈੱਬਸਾਈਟ (www.gadvasu.in) ‘ਤੇੇ ਉਪਲਬਧ ਪ੍ਰਾਸਪੈਕਟਸ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਨ੍ਹਾਂ ਕੋਰਸਾਂ ਨਾਲ ਵੈਟਰਨਰੀ ਸੇਵਾਵਾਂ ਦੇ ਵੱਖ-ਵੱਖ ਪਹਿਲੂਆਂ ਵਿਚ ਜ਼ਮੀਨੀ ਪੱਧਰ ‘ਤੇ ਸੁਧਾਰ ਹੋਵੇਗਾ।
ਡੀਨ ਵੈਟਰਨਰੀ ਸਾਇੰਸ ਕਾਲਜ ਲੁਧਿਆਣਾ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਕੋਰਸ ਵੈਟਰਨਰੀ ਗੇ੍ਰਜੂਏਟਾਂ, ਹੋਰ ਵਿਸ਼ਿਆਂ ਦੇ ਗੇ੍ਰਜੂਏਟਾਂ ਅਤੇ ਕਿਸਾਨਾਂ ਨੂੰ ਵੈਟਰਨਰੀ ਅਤੇ ਪਸ਼ੂ ਪਾਲਨ ਦੇ ਤਰਜੀਹੀ ਖੇਤਰਾਂ ਵਿਚ ਹੁਨਰ-ਅਧਾਰਤ ਗਿਆਨ ਪ੍ਰਦਾਨ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੋਰਸ ਇਸ ਖੇਤਰ ਵਿਚ ਉਦਮਤਾ ਵਿਕਾਸ ਨੂੰ ਹੁਲਾਰਾ ਦੇਣ ਵਿਚ ਮਦਦਗਾਰ ਸਾਬਤ ਹੋਣਗੇ।