ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸਾਬਕਾ ਸਿਹਤ ਮੰਤਰੀ ਓ. ਪੀ. ਸੋਨੀ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਚੱਲ ਰਹੀ ਹੈ। ਓ. ਪੀ. ਸੋਨੀ ਦਾ ਨਾਂ ਸੈਨੇਟਾਈਜ਼ਰ ਘਪਲੇ ‘ਚ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸੂਬੇ ਦੀ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਓ. ਪੀ. ਸੋਨੀ ‘ਤੇ ਕੋਵਿਡ ਦੌਰਾਨ 3 ਗੁਣਾ ਜ਼ਿਆਦਾ ਕੀਮਤ ‘ਤੇ ਸੈਨੇਟਾਈਜ਼ਰ ਖ਼ਰੀਦਣ ਦਾ ਦੋਸ਼ ਹੈ।
ਅਸਲ ‘ਚ ਕੋਵਿਡ ਨੂੰ ਆਫ਼ਤ ਕਰਾਰ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਇਸ ‘ਤੇ ਖ਼ਰਚ ਹੋਣ ਵਾਲਾ ਪੈਸਾ ਡਿਜ਼ਾਸਟਰ ਮੈਨਜਮੈਂਟ ਫੰਡ ‘ਚੋਂ ਲਿਆ ਗਿਆ। ਮਾਲੀਆ ਵਿਭਾਗ ਨੇ ਸਿਹਤ ਵਿਭਾਗ ਨੂੰ ਸਾਰਾ ਰਿਕਾਰਡ ਇਕ ਹਫ਼ਤੇ ਅੰਦਰ ਪੇਸ਼ ਕਰਨ ਲਈ ਕਿਹਾ ਹੈ। ਮਾਲੀਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਮਹਿੰਗੇ ਭਾਅ ‘ਤੇ ਸੈਨੇਟਾਈਜ਼ਰ ਖ਼ਰੀਦਿਆ ਹੈ।
ਚੋਣ ਕਮਿਸ਼ਨ ਲਈ 1.80 ਲੱਖ ਬੋਤਲਾਂ 54.54 ਰੁਪਏ ਪ੍ਰਤੀ ਬੋਤਲ ਦੀ ਦਰ ‘ਤੇ ਖ਼ਰੀਦੀਆਂ ਗਈਆਂ, ਜਦੋਂ ਕਿ ਸਿਹਤ ਵਿਭਾਗ ਨੇ ਤਿੰਨ ਗੁਣਾ ਜ਼ਿਆਦਾ ਕੀਮਤ ‘ਤੇ 160 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਸੈਨੇਟਾਈਜ਼ਰ ਖ਼ਰੀਦਿਆ। ਸਿਹਤ ਵਿਭਾਗ ਲਈ ਸੈਨੇਟਾਈਜ਼ਰ ਖ਼ਰੀਦਣ ਦੀ ਫਾਈਲ ‘ਤੇ ਮਨਜ਼ੂਰੀ ਸਾਬਕਾ ਮੰਤਰੀ ਓ. ਪੀ. ਸੋਨੀ ਵੱਲੋਂ ਦਿੱਤੀ ਗਈ ਸੀ।