ਲੁਧਿਆਣਾ : ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਵਿਖੇ ਸੈਸ਼ਨ 2018-19 ਲਈ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ‘ਚ 1300 ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ, ਪੋਸਟ ਗ੍ਰੈਜੂਏਟ ਡਿਪਲੋਮੇ ਤੇ ਗ੍ਰੈਜੂਏਟ ਡਿਪਲੋਮੇ ਦੀਆਂ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕੀਤੀ ਤੇ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।
ਕਾਲਜ ਦੇ ਵਿਹੜੇ ‘ਚ ਪਹੁੰਚਣ ‘ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ, ਮੈਡਮ ਪਿ੍ੰਸੀਪਲ ਡਾ. ਮੁਕਤੀ ਗਿੱਲ, ਸਮੂਹ ਸਟਾਫ਼ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਮਹਿਮਾਨ ਦਾ ਸਵਾਗਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਦਾਸ ਨਾਲ ਹੋਈ।
ਪਿ੍ੰਸੀਪਲ ਨੇ ਮਲਟੀਮੀਡੀਆ ਰਾਹੀਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ ਤੇ ਇਸ ‘ਚ ਉਨ੍ਹਾਂ ਨੇ ਸੈਸ਼ਨ 2020-21 ਲਈ ਅਕਾਦਮਿਕ, ਸੱਭਿਆਚਾਰਕ ਤੇ ਖੇਡ ਖੇਤਰ ‘ਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। 7 ਵਿਦਿਆਰਥੀਆਂ ਨੂੰ ਅਕਾਦਮਿਕ ਗਤੀਵਿਧੀਆਂ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ 50 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਿਚ ਲਗਾਇਆ ਗਿਆ।
ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਸੰਸਥਾ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਤੌਰ ‘ਤੇ ਪਾਲਣ ਲਈ ਵਚਨਬੱਧ ਹੈ, ਸਗੋਂ ਉਨ੍ਹਾਂ ਦਾ ਸੰਪੂਰਨ ਵਿਕਾਸ ਕਰਨਾ ਹੈ। ਉਨ੍ਹਾਂ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਡਿਗਰੀ ਧਾਰਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮ ਪ੍ਰਾਪਤੀਆਂ ਲਈ ਵਧਾਈ ਦਿੱਤੀ। ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੁਨੀਆ ਵਿਚ ਜਿਉਂਦੇ ਰਹਿਣ ਦੀ ਕਲਾ ਸਿੱਖਣ ਦੀ ਅਪੀਲ ਕੀਤੀ ਜੋ ਕਿ ਤੇਜ਼ੀ ਨਾਲ ਬਦਲ ਰਹੀ ਹੈ ਤੇ ਹਰ ਰੋਜ਼ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ।