ਲੁਧਿਆਣਾ : ਰਾਹੋਂ-ਮਾਛੀਵਾੜਾ ਪੁਲ ਦੇ ਕੁਝ ਹਿੱਸਿਆਂ ਦੇ ਕਿਨਾਰੇ ਟੁੱਟ ਗਏ ਹਨ। ਕਿਸੇ ਵੱਡੇ ਹਾਦਸੇ ਦੇ ਖ਼ਦਸ਼ੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਨੇ ਰਾਹੋਂ-ਮਾਛੀਵਾੜਾ ਸਤਲੁਜ ਦਰਿਆ ਪੁਲ ਰਾਹੀਂ ਅਗਲੇ ਕੁਝ ਦਿਨਾਂ ਲਈ ਵੱਡੀਆਂ ਗੱਡੀਆਂ, ਬੱਸਾਂ ਤੇ ਹੋਰ ਭਾਰੀ ਵਾਹਨਾਂ ਨੂੰ ਲਿਜਾਉਣ ’ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਨੇ ਪੁਲ ਦੇ ਦੋਵਾਂ ਪਾਸਿਆਂ ’ਤੇ ਬੈਰੀਕੇਡਿੰਗ ਕੀਤੀ ਹੈ ਪਰ ਇਸ ਦੇ ਨਤੀਜੇ ਵਜੋਂ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਹੁਣ ਮਾਛੀਵਾੜਾ ਵਾਲੇ ਪਾਸੇ ਜਾਣ ਵਾਲੇ ਲੋਕਾਂ ਨੂੰ ਪੈਦਲ ਇਸ ਪੁਲ ਰਾਹੀਂ ਜਾਣਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਪਹਿਲਾਂ ਵੀ ਸਲੈਬਾਂ ਵਿਚ ਆਈਆਂ ਦਰਾਰਾਂ ਕਾਰਨ ਇਹ ਪੁਲ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਸੜਕ ਤੇ ਪੁਲ ਦੀ ਮੁਰੰਮਤ ਦਾ ਕੰਮ ਹੋਣ ਤੋਂ ਬਾਅਦ ਪੁਲ ਤੋਂ ਵੱਡੀਆਂ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਵਾਈ ਗਈ ਸੀ।
ਹੁਣ ਇਕ ਵਾਰ ਫਿਰ ਪੁਲ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਵੱਡੀਆਂ ਗੱਡੀਆਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੁਲ ਨੂੰ ਸੜਕ ਨਾਲ ਜੋੜਣ ਵਾਲੀ ਘਾਟੀ ’ਚ ਦਰਾਰਾਂ ਪੈਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਨਤੀਜੇ ਵਜੋਂ ਪੁਲ ਪਾਰ ਕਰ ਕੇ ਆਪਣੇ ਪਿੰਡਾਂ ਨੂੰ ਜਾਣ ਵਾਲੇ ਬੱਸ ਯਾਤਰੀਆਂ ਅਤੇ ਰਾਹਗੀਰਾਂ ਨੂੰ ਪੈਦਲ ਜਾਣਾ ਪੈ ਰਿਹਾ ਹੈ। ਦੂਜੇ ਪਾਸੇ ਤੋਂ ਬੱਸ ਜਾਂ ਥ੍ਰੀ ਵਹੀਲਰ ਰਾਹੀਂ ਪਿੰਡਾਂ ਵੱਲ ਜਾਣਾ ਪੈ ਰਿਹਾ ਹੈ।