ਮੁੱਲਾਂਪੁਰ-ਦਾਖਾ/ ਲੁਧਿਆਣਾ : ਦਾਣਾ ਮੰਡੀਆਂ ‘ਚ ਮੂੰਗੀ ਤੋਂ ਬਾਅਦ ਮੱਕੀ ਦੀ ਆਮਦ ਸਿਖਰਾਂ ‘ਤੇ ਹੈ। ਮੱਕੀ ਦੀ ਫ਼ਸਲ ਹੇਠ ਕਰੀਬ 35 ਹਜ਼ਾਰ ਹੈਕਟੇਅਰ ਰਕਬੇ ‘ਚੋਂ ਚੰਗੇ ਝਾੜ ਦੀ ਉਮੀਦ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਮੂੰਗੀ ਵਾਂਗ ਮੱਕੀ ਦੀ ਖ਼ਰੀਦ ਸਮਰਥਨ ਮੁੱਲ (ਐੱਮ.ਐੱਸ.ਪੀ) ‘ਤੇ ਖ਼ਰੀਦਣ ਦਾ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ।
ਐੱਮ.ਐੱਸ.ਪੀ ‘ਤੇ ਮੱਧਮ ਰਫ਼ਤਾਰ ਮੂੰਗੀ ਦੀ ਖ਼ਰੀਦ ਮਾਰਕਫੈੱਡ ਕਰ ਰਹੀ ਹੈ, ਜਦ ਕਿ ਦਾਣਾ ਮੰਡੀਆਂ ‘ਚ ਮੱਕੀ ਨਿਰੋਲ ਵਪਾਰੀ ਖ਼ਰੀਦ ਰਿਹਾ। ਪਿਛਲੇ ਸਾਲ ਮੁਕਾਬਲੇ ਮੰਡੀਆਂ ‘ਚ ਇਸ ਵਾਰ ਮੱਕੀ ਦਾ ਭਾਅ 1850 ਤੋਂ ਲੈ ਕੇ 2000 ਪ੍ਰਤੀ ਕੁਇੰਟਲ ਤੱਕ ਕਿਸਾਨਾਂ ਨੂੰ ਮਿਲ ਰਿਹਾ। ਪੰਜਾਬ ਵਿਚ ਮੱਕੀ ਦੀ ਫ਼ਸਲ ਝੋਨੇ ਦੀ ਫ਼ਸਲ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ ਕਿਉਂਕਿ ਮੱਕੀ ਜਿਥੇ ਖੇਤੀ ਅਰਥਚਾਰੇ ਨੂੰ ਬੜਾਵਾ ਦਿੰਦੀ ਹੈ ਉਥੇ ਕੁਦਰਤੀ ਵਸੀਲੇ ਪਾਣੀ ਦੀ ਬੱਚਤ ਲਈ ਸਹਾਈ ਹੁੰਦੀ ਹੈ।
ਮੰਡੀਆਂ ‘ਚ ਮੱਕੀ ਦਾ ਭਾਅ ਤੇਜ਼ ਹੋਣ ਕਰਕੇ ਵਪਾਰੀ ਵਰਗ ਤੇਜ਼ੀ ਨਾਲ ਮੱਕੀ ਸਟੋਰ ਕਰਨ ‘ਚ ਲੱਗਾ ਹੋਇਆ ਹੈ। ਆਉਣ ਵਾਲੇ ਦਿਨਾਂ ‘ਚ ਪਸ਼ੂਆਂ ਅਤੇ ਪੋਲਟਰੀ ਵਾਲੀਆਂ ਖੁਰਾਕਾਂ ਮਹਿੰਗੀਆਂ ਹੋਣਗੀਆਂ, ਕਿਉਂਕਿ ਦੋਵਾਂ ਵਿਚ ਹੀ ਮੱਕੀ ਦੀ ਕਾਫ਼ੀ ਮਿਕਦਾਰ ਹੁੰਦੀ ਹੈ। ਮੱਕੀ ‘ਚ ਮੌਜੂਦ ਕਾਰਬੋਹਾਈਡ੍ਰੇਟ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਈ, ਕੇ ਹੋਰ ਖੁਰਾਕੀ ਤੱਤ ਪਸ਼ੂ, ਜਾਨਵਰ ਦੋਹਾਂ ਲਈ ਲਾਹੇਵੰਦ ਹਨ।