ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਬੈਰਕਾਂ ‘ਚੋਂ ਮੋਬਾਇਲ ਫੋਨ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤੇ ਲੜਾਈ-ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜੇਲ ‘ਚ ਲੜਾਈ ਦਾ ਅਜਿਹਾ ਹੀ ਮਾਮਲਾ ਬੁੱਧਵਾਰ ਦੇਰ ਰਾਤ ਸਾਹਮਣੇ ਆਇਆ, ਜਦੋਂ ਪੁਲਸ ਪੂਰੀ ਸੁਰੱਖਿਆ ਨਾਲ ਇਕ ਗੈਂਗਸਟਰ ਦਾ ਮੈਡੀਕਲ ਕਰਵਾਉਣ ਲਈ ਰਾਤ ਕਰੀਬ 12 ਵਜੇ ਪਹੁੰਚੀ।
ਜ਼ਖਮੀ ਦੀ ਪਛਾਣ ਕੈਦੀ ਮਨੋਜ ਕੁਮਾਰ ਵਜੋਂ ਹੋਈ। ਸੂਤਰਾਂ ਮੁਤਾਬਕ ਕੈਦੀ ਮਨੋਜ ਕੁਮਾਰ ਇਕ ਹਾਈ ਪ੍ਰੋਫਾਈਲ ਗੈਂਗਸਟਰ ਹੈ। ਜਿਸ ਦੀ ਬੁੱਧਵਾਰ ਨੂੰ ਜੇਲ ਵਿਚ ਇਕ ਹੋਰ ਕੈਦੀ ਨਾਲ ਲੜਾਈ ਹੋਈ ਸੀ। ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੇਰ ਰਾਤ ਪੁਲਸ ਨੇ ਸਿਵਲ ਹਸਪਤਾਲ ‘ਚ ਭਾਰੀ ਮਾਤਰਾ ਚ ਪੁਲਸ ਫੋਰਸ ਭੇਜ ਕੇ ਉਸ ਦਾ ਮੈਡੀਕਲ ਕਰਵਾਇਆ।
ਜਿਵੇਂ ਹੀ ਗੈਂਗਸਟਰ ਮਨੋਜ ਨੂੰ ਪੁਲਸ ਸਿਵਲ ਹਸਪਤਾਲ ਲੈ ਕੇ ਆਈ ਤਾਂ ਪੁਲਸ ਨੇ ਉਸ ਨੂੰ ਹਸਪਤਾਲ ਦਾਖਲ ਕਰਨ ਤੋਂ ਪਹਿਲਾਂ ਐਮਰਜੈਂਸੀ ਖਾਲੀ ਕਰਵਾ ਦਿੱਤੀ। ਪੁਲਿਸ ਨੇ ਮਰੀਜ਼ਾਂ ਨੂੰ ਅੰਦਰ ਰੱਖਿਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬਾਹਰ ਭੇਜ ਦਿੱਤਾ। ਪੁਲਸ ਨੇ ਹਸਪਤਾਲ ਨੂੰ ਚਾਰੇ ਪਾਸਿਓਂ ਘੇਰ ਲਿਆ। ਤਾਂ ਜੋ ਕੋਈ ਸ਼ਰਾਰਤੀ ਅਨਸਰ ਕੈਦੀ ਦੇ ਨੇੜੇ ਨਾ ਜਾ ਸਕੇ।