ਲੁਧਿਆਣਾ : ਖਾਲਸਾ ਕਾਲਜ ਫ਼ਾਰ ਵੁਮੈਨ ਸਿਵਲ ਲਾਈਨ, ਲੁਧਿਆਣਾ ਵਿਖੇ ਸਾਲਾਨਾ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ, ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਕੈਂਪਸ ਪਹੁੰਚਣ ‘ਤੇ ਕਾਲਜ ਕਮੇਟੀ ਦੇ ਮੈਂਬਰਾਂ, ਕਾਲਜ ਦੇ ਪਿ੍ਰੰਸੀਪਲ ਡਾ ਮੁਕਤੀ ਗਿੱਲ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਸ਼ਬਦ ‘ਦੇਹ ਸ਼ਿਵਾ ਵਰ ਮੋਹੇ ਏਹੀ’ ਨਾਲ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ: ਗਿੱਲ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕਰਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਉਨ੍ਹਾਂ ਨੇ ਸੈਸ਼ਨ 2019-2020 ਅਤੇ 2020-2021 ਵਿਚ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਖੇਤਰਾਂ ਵਿਚ ਵਿਦਿਆਰਥੀਆਂ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਵਿਦਿਆਰਥੀਆਂ ਨੇ ਕਾਲਜ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਾਰ ਵੀ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਕ੍ਰਮਵਾਰ 82 ਅਤੇ 79 ਚੋਟੀ ਦੇ ਸਥਾਨ ਪ੍ਰਾਪਤ ਕੀਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਕਿ ਇਸ ਸਾਲ ਖੇਡ ਵਿਭਾਗ ਨੇ ਵੱਖ-ਵੱਖ ਖੇਤਰਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ 37 ਸੋਨੇ ਦੇ ਤਗਮੇ, 31 ਚਾਂਦੀ ਦੇ ਤਗਮੇ ਅਤੇ 60 ਕਾਂਸੀ ਦੇ ਤਗਮੇ ਹਾਸਲ ਕੀਤੇ । ਕਾਲਜ ਨੇ ਜ਼ੋਨਲ ਅਤੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰਆਲ ਟਰਾਫੀ ਜਿੱਤੀ।
ਖਾਲਸਾ ਕਾਲਜ ਫਾਰ ਵੂਮੈਨ ਵਿਖੇ 17 ਨਵੰਬਰ 2021 ਤੋਂ 21 ਨਵੰਬਰ 2021 ਤੱਕ ਆਯੋਜਿਤ ਪੀਯੂ ਜ਼ੋਨਲ ਯੂਥ ਫੈਸਟੀਵਲ ਵਿੱਚ, ਵਿਦਿਆਰਥਣਾਂ ਨੂੰ ਕੁੱਲ 49 ਪੁਰਸਕਾਰ ਮਿਲੇ, ਜਿਨ੍ਹਾਂ ਵਿੱਚ 20 ਪਹਿਲੇ, 16 ਦੂਜੇ ਅਤੇ 13 ਤੀਜੇ ਇਨਾਮ ਸ਼ਾਮਲ ਹਨ। ਏ. ਐੱਸ. ਕਾਲਜ ਖੰਨਾ ਵਿਖੇ ਕਰਵਾਏ ਗਏ ਇੰਟਰ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ 20 ਐਵਾਰਡ ਪ੍ਰਾਪਤ ਕੀਤੇ, ਜਿਨ੍ਹਾਂ ਵਿਚੋਂ 5 ਪਹਿਲੇ, 6 ਦੂਜੇ ਅਤੇ 10 ਤੀਜੇ ਸਥਾਨ ‘ਤੇ ਰਹੇ।
ਕਾਲਜ ਦੀਆਂ 50 ਵਿਦਿਆਰਥਣਾਂ ਨੇ ਵੱਖ-ਵੱਖ ਕੰਪਨੀਆਂ ਚ ਪਲੇਸਮੈਂਟ ਪ੍ਰਾਪਤ ਕੀਤੀ । ਪ੍ਰਿੰਸੀਪਲ ਡਾ ਮੁਕਤੀ ਗਿੱਲ ਨੇ ਪ੍ਰਬੰਧਕ ਕਮੇਟੀ ਦਾ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ ਜੋ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਂਦੇ ਹਨ। ਪ੍ਰਿੰਸੀਪਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਆਪਣੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਜ਼ਿੰਦਗੀ ਵਿਚ ਹੋਰ ਬੁਲੰਦੀਆਂ ਤੇ ਪਹੁੰਚਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੈਸ਼ਨ 2019-2020 ਵਿੱਚ ਸੱਭਿਆਚਾਰਕ, ਖੇਡਾਂ, ਐਨਸੀਸੀ ਅਤੇ ਐਨਐਸਐਸ ਦੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ 24 ਵਿਦਿਆਰਥਣਾਂ ਨੂੰ ਰੋਲ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ।