ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋਂ ਵੱਖ-ਵੱਖ ਸਾਈਕਲ ਕਲੱਬਾਂ, ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ) ਅਤੇ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਨਾਲ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਆਈ.ਪੀ.ਐਸ. ਅਤੇ ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅਗਰਵਾਲ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਾਈਕਲ ਰੈਲੀ ਵਿੱਚ ਭਾਗ ਲੈਂਦਿਆਂ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਰੈਲੀ ਵਿੱਚ ਸ਼ਹਿਰ ਦੇ ਵੱਖ-ਵੱਖ ਸਾਈਕਲ ਕਲੱਬਾਂ ਦੇ 500 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਨਗਰ ਨਿਗਮ ਵੱਲੋਂ ਟਰੈਕ ਨੂੰ ਪੂਰਾ ਕਰਨ ਵਾਲੇ ਸਾਰੇ ਸਫਲ ਰਾਈਡਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸ੍ਰੀਮਤੀ ਮਲਿਕ ਨੇ ਅੱਗੇ ਦੱਸਿਆ ਕਿ ਅੱਜ ਦੀ ਸਾਈਕਲ ਰੈਲੀ ਵਿੱਚ ਹੀਰੋ ਸਾਈਕਲ ਦੁਆਰਾ 5 ਕਿਲੋਮੀਟਰ ਦੀ ਰਾਈਡ, ਸਿਟੀ ਨੀਡਜ਼ ਦੁਆਰਾ 10 ਕਿਲੋਮੀਟਰ ਦੀ ਰਾਈਡ ਅਤੇ ਬਾਈਕ ਸਟੂਡੀਓ ਦੁਆਰਾ ਵੱਖ-ਵੱਖ ਸਾਈਕਲ ਕਲੱਬਾਂ ਦੇ ਸਹਿਯੋਗ ਨਾਲ 17 ਕਿਲੋਮੀਟਰ ਦੀ ਰਾਈਡ ਕਰਵਾਈ ਗਈ।