ਲੁਧਿਆਣਾ : ਪੀ.ਏ.ਯੂ. ਵਿੱਚ ਸਾਲ 2018 ਬੈਚ ਨਾਲ ਐੱਮ ਐੱਸ ਸੀ ਕਮਿਸਟਰੀ ਕਰਨ ਵਾਲੀ ਵਿਦਿਆਰਥਣ ਕੁਮਾਰੀ ਮਾਨਸੀ ਗੋਇਲ ਨੂੰ ਆਸਟਰੇਲੀਆ ਦੀ ਕੁਈਨਜ਼ਲੈਂਡ ਤਕਨਾਲੋਜੀ ਯੂਨੀਵਰਸਿਟੀ ਤੋਂ ਆਪਣੀ ਪੀ ਐੱਚ ਡੀ ਦੀ ਖੋਜ ਲਈ 3 ਸਾਲ ਦਾ ਵਜ਼ੀਫਾ ਹਾਸਲ ਹੋਇਆ ਹੈ ।
ਇਹ ਵਜ਼ੀਫਾ ਇਸ ਯੂਨੀਵਰਸਿਟੀ ਦੇ ਮਕੈਨੀਕਲ, ਮੈਡੀਕਲ ਅਤੇ ਪ੍ਰੋਸੈੱਸ ਇੰਜਨੀਅਰਿੰਗ ਸਕੂਲ ਵੱਲੋਂ ਦਿੱਤਾ ਜਾਵੇਗਾ ਅਤੇ ਇਸ ਵਿੱਚ 28,854 ਆਸਟਰੇਲੀਅਨ ਡਾਲਰ ਸਲਾਨਾ ਦੀ ਮਾਲੀ ਇਮਦਾਦ ਸ਼ਾਮਿਲ ਹੋਵੇਗੀ । ਕੁਮਾਰੀ ਮਾਨਸੀ ਗੋਇਲ ਲਾਲ ਮੀਟ ਦੀ ਰਹਿੰਦ-ਖੂੰਹਦ ਨੂੰ ਹਾਈਡ੍ਰੋਚਾਰ ਵਿੱਚ ਬਦਲਣ ਦੀ ਤਕਨੀਕ ਵਿੱਚ ਖੋਜ ਕਰੇਗੀ ।
ਇੱਥੇ ਜ਼ਿਕਰਯੋਗ ਹੈ ਕਿ ਕੁਮਾਰੀ ਮਾਨਸੀ ਗੋਇਲ ਨੇ ਕਮਿਸਟਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਮਨਦੀਪ ਕੌਰ ਮਣਕੂ ਦੀ ਨਿਗਰਾਨੀ ਹੇਠ ਆਪਣਾ ਮਾਸਟਰਜ਼ ਖੋਜ ਕਾਰਜ ਕੀਤਾ ਹੈ । ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ।