ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਕੇਂਦਰੀ ਸੁਧਾਰ ਘਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਲਈ ਪੀਣ ਵਾਲੇ ਪਾਣੀ ਦੇ 2 ਕੂਲਰ ਵੀ ਮੁਹੱਈਆ ਕਰਵਾਏ।
ਬੀਤੇ ਦਿਨੀਂ ਵਿਧਾਇਕ ਸ.ਕੁਲਵੰਤ ਸਿੰਘ ਸਿੱਧੂ ਦੇ ਕੇਂਦਰੀ ਜੇਲ੍ਹ ਦੌਰੇ ਦੌਰਾਨ ਹਵਾਲਾਤੀਆਂ ਤੇ ਕੈਦੀਆਂ ਵੱਲੋਂ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ ਸੀ ਜਿਸ ਵਿੱਚ ਪੀਣ ਵਾਲੇ ਠੰਡੇ ਪਾਣੀ ਬਾਰੇ ਵੀ ਦੱਸਿਆ ਗਿਆ ਸੀ। ਮਨੁੱਖਤਾ ਨੂੰ ਸਮਰਪਿਤ ਅਤੇ ਅੱਤ ਦੇ ਗਰਮ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਸਿੱਧੂ ਵੱਲੋਂ, ਹੈਲਪਫੁਲ ਐਨ.ਜੀ.ਓ. ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਅੱਜ 2 ਪੀਣ ਵਾਲੇ ਪਾਣੀ ਦੇ ਕੂਲਰ ਮੁਹੱਈਆ ਕਰਵਾਏ ਗਏ।
ਵਿਧਾਇਕ ਸਿੱਧੂ ਦੇ ਧਿਆਨ ਵਿੱਚ ਆਇਆ ਕਿ ਮਾਣਯੋਗ ਅਦਾਲਤਾਂ ਵੱਲੋਂ ਕੁੱਝ ਕੈਂਦੀਆਂ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ ਅਤੇ ਜੁ਼ਰਮਾਨਾ ਨਾ ਭਰਨ ਦੀ ਸੂਰਤ ਵਿੱਚ ਵਾਧੂ ਕੈਦ ਕੱਟਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀ ਛੋਟੇ-ਮੋਟੇ ਜੁਰਮਾਨੇ ਭਰਨ ਤੋਂ ਅਸਮਰੱਥ ਹਨ, ਐਨ.ਜੀ.ਓ. ਦੇ ਸਹਿਯੋਗ ਨਾਲ ਉਨ੍ਹਾਂ ਦੇ ਜੁਰਮਾਨੇ ਵੀ ਭਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ਜ਼ਰੂਰੀ ਦਵਾਈਆਂ ਵੀ ਵੰਡੀਆਂ ਗਈਆਂ ਜਿਸ ਵਿੱਚ ਓ.ਆਰ.ਐਸ. ਦੇ 1 ਹਜ਼ਾਰ ਪਾਊਚ, ਸੈਟਰੀਜਨ ਦੇ 1 ਹਜ਼ਾਰ ਪੱਤੇ, ਲੋਪਰੋਮਾਈਡ ਦੇ 1 ਹਜ਼ਾਰ ਪੱਤੇ, ਜੈਸਿਕ ਪੀ.ਸੀ.ਐਮ. ਦੇ 1 ਹਜ਼ਾਰ ਪੱਤੇ ਅਤੇ ਡੋਨਪੈਰੀਡੋਨ ਦੇ 1 ਹਜ਼ਾਰ ਪੱਤੇ ਵੀ ਸ਼ਾਮਲ ਸਨ।