ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਭਾਰਤ ਦੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਲੁਧਿਆਣੇ ਦੇ ਚਾਰ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਭੋਜਨ ਸੁਰੱਖਿਆ ਦਿਹਾੜਾ ਮਨਾਇਆ । ਯਾਦ ਰਹੇ ਕਿ ਵਿਸ਼ਵ ਸਿਹਤ ਸੰਸਥਾ ਨੇ ਇਸ ਵਰੇ ਦੇ ਭੋਜਨ ਸੁਰੱਖਿਆ ਦਿਹਾੜੇ ਨੂੰ ‘ਸੁਰੱਖਿਅਤ ਭੋਜਨ, ਬਿਹਤਰ ਸਿਹਤ’ ਨਾਅਰੇ ਹੇਠ ਮਨਾਉਣ ਦੀ ਗੱਲ ਕੀਤੀ ਹੈ ।
ਇਸ ਦਾ ਉਦੇਸ਼ ਭੋਜਨ ਦੀ ਸੁਰੱਖਿਆ ਨੂੰ ਚੰਗੀ ਸਿਹਤ ਲਈ ਮਹੱਤਵਪੂਰਨ ਦੱਸਦਿਆਂ ਸੁਰੱਖਿਅਤ ਭੋਜਨ ਬਾਰੇ ਜਾਗਰੂਕਤਾ ਦਾ ਪਸਾਰ ਕਰਨਾ ਹੈ । ਇਸ ਮੌਕੇ ਸਿਹਤਮੰਦ ਭੋਜਨ ਆਦਤਾਂ ਅਪਨਾਉਣ ਲਈ ਇੱਕ ਰੈਲੀ ਕੱਢੀ ਗਈ । ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਦੇ ਟਿਫਿਨ ਦੀ ਸਫਾਈ ਰਾਹੀਂ ਬਿਮਾਰੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ ।
ਇਹਨਾਂ ਸਮਾਗਮਾਂ ਦੇ ਕਨਵੀਨਰ ਡਾ. ਕਿਰਨ ਬੈਂਸ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦਾ ਉਦੇਸ਼ ਭੋਜਨ ਸੁਰੱਖਿਆ ਸੰਬੰਧੀ ਜਾਗਰੂਕਤਾ ਨੂੰ ਆਮ ਲੋਕਾਂ ਤੱਕ ਪ੍ਰਸਾਰਿਤ ਕਰਨਾ ਹੈ । ਇਸ ਲਈ ਸਕੂਲੀ ਬੱਚਿਆਂ ਨੂੰ ਛੁੱਟੀਆਂ ਹੋਣ ਤੋਂ ਪਹਿਲਾਂ ਭੋਜਨ ਬਾਰੇ ਚੰਗੀਆਂ ਆਦਤਾਂ ਅਪਨਾਉਣ ਲਈ ਇਹ ਸਮਾਗਮ ਕੀਤੇ ਗਏ ਹਨ ।