ਲੁਧਿਆਣਾ : ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਨਗਰ ਨਿਗਮ, ਲੁਧਿਆਣਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਸ਼੍ਰੀ ਦਲਜੀਤ ਸਿੰਘ, ਚੀਫ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸ਼੍ਰੀ ਜੀ.ਪੀ ਸਿੰਘ, ਐਕਸੀਅਨ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੋ ਪ੍ਰੋਜੈਕਟ 650 ਕਰੋੜ ਦੀ ਲਾਗਤ ਦੇ ਨਾਲ ਚਲ ਰਿਹਾ ਹੈ, ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਡੇਅਰੀ ਕੰਪਲੈਕਸ ਜੋ ਕਿ ਹੈਬੋਵਾਲ ਅਤੇ ਤਾਜਪੁਰ ਰੋਡ ‘ਤੇ ਸਥਿਤ ਹਨ ਅਤੇ ਗਊਸਾਲਾ ਜੋ ਕਿ ਸਲੈਕਟਡ ਦਾਇਰਿਆਂ ਵਿੱਚ ਹਨ ਉਹਨਾਂ ਵਿੱਚ ਪੈਦਾ ਹੋ ਰਹੇ ਗੋਬਰ ਅਤੇ ਪ੍ਰਦੂਸ਼ਿਤ ਪਾਣੀ ਦੀ ਸੰਭਾਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਸੀਵਰੇਜ ਬੋਰਡ ਵੱਲੋਂ ਦੱਸਿਆ ਗਿਆ ਕਿ ਬੁੱਢਾ ਨਾਲ੍ਹਾ ਪ੍ਰੋਜੈਕਟ ਦਾ ਕੰਮ 75 ਪ੍ਰਤੀਸ਼ਤ ਮੁਕੰਮਲ ਹੋ ਚੁੱਕਿਆ ਹੈ। ਕਮਿਸ਼ਨਰ ਨਗਰ ਨਿਗਮ, ਲੁਧਿਆਣਾ ਵੱਲੋਂ ਹਦਾਇਤ ਕੀਤੀ ਗਈ ਕਿ ਡੇਅਰੀ ਕੰਪਲੈਕਸਾਂ ਵਿਖੇ ਗੋਬਰ ਦੀ ਸੰਭਾਲ ਕਰਨ ਦੇ ਲਈ ਪੰਜਾਬ ਐਨਰਜ਼ੀ ਡਿਵੈਲਪਮੈਂਟ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਨੂੰ ਠੀਕ ਢੰਗ ਨਾਲ ਚਲਾਇਆ ਜਾਵੇ ਅਤੇ ਤਾਜਪੁਰ ਰੋਡ ‘ਤੇ ਨਵਾਂ ਪਲਾਂਟ ਲਗਾਉਣ ਸਬੰਧੀ ਕਾਰਵਾਈ ਸਮੇਂ ਸਿਰ ਪੂਰੀ ਕੀਤੀ ਜਾਵੇ।
ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਡੇਅਰੀ ਕੰਪਲੈਕਸ ਵਿਖੇ ਈ.ਟੀ.ਪੀ ਲਗਾਉਣ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਗੋਬਰ ਦੀ ਸਾਂਭ ਸੰਭਾਲ ਸਬੰਧੀ ਵੀ ਤਜ਼ਵੀਜ ਪੇਸ਼ ਕੀਤੀ ਜਾਵੇ।