ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਵਿਦਿਅਕ ਵਰ੍ਹੇ 2021- 22 ਦੇ ਵਿਦਿਆਰਥੀਆਂ ਦੁਆਰਾ ਸਿੱਖਿਆ ,ਖੇਡ ਤੇ ਸੱਭਿਆਚਾਰਕ ਆਦਿ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਹਿੱਤ ਉਹਨਾਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਕੁਲਵੰਤ ਸਿੰਘ ਸਿੱਧੂ ਐੱਮ. ਐੱਲ . ਏ ਮੁੱਖ ਮਹਿਮਾਨ ਅਤੇ ਸ .ਅਮਰਜੀਤ ਸਿੰਘ ਸਿਆਨ, ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ ਐਜੂਕੇਸ਼ਨ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਪਹੁੰਚੇ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ .ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਨਿੱਘਾ ਸਵਾਗਤ ਕੀਤਾ । ਕਾਲਜ ਵਿਹੜੇ ਪਹੁੰਚਣ ਲਈ ਮੁਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਕੁਲਵੰਤ ਸਿੰਘ ਸਿੱਧੂ ਨੇ ਇਨਾਮ ਦੇ ਕੇ ਜਿੱਥੇ ਸ਼ਾਬਾਸ਼ ਦਿੱਤੀ।
ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸਿੱਧੂ ਨੇ ਕਿਹਾ ਕਿ ਜਿਹੜੀ ਸਿੱਖਿਆ ਤੁਸੀਂ ਕਾਲਜ ਵਿੱਚੋਂ ਪ੍ਰਾਪਤ ਕੀਤੀ ਹੈ ਉਸ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਪ੍ਰਯੋਗ ਕਰੋ। ਸਾਡੀ ਨੌਜਵਾਨ ਪੀੜ੍ਹੀ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿਚ ਅੱਗੇ ਆਉਂਦੀ ਹੈ ।
ਕਾਲਜ ਪ੍ਰਿੰਸੀਪਲ ਡਾ .ਰਾਜੇਸ਼ਵਰਪਾਲ ਕੌਰ ਨੇ ਵਿਦਿਆਰਥਣਾਂ ਨਾਲ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਸਾਡਾ ਕਾਲਜ ਹਮੇਸ਼ਾ ਹੀ ਅਪਣੀਆਂ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਦਿੰਦਾ ਹੈ ਤੇ ਨਾਲ ਹੀ ਉਹਨਾਂ ਨੂੰ ਚੰਗੀ ਜੀਵਨ ਜਾਚ ਸਿਖਾਈ ਜਾਂਦੀ ਹੈ, ਇਹਨਾਂ ਨੇ ਅਪਣੀ ਪ੍ਰਤਿਭਾ ਨਾਲ ਜਿਹੜੇ ਮੁਕਾਮ ਹਾਸਲ ਕੀਤੇ ਹਨ ਉਹ ਸ਼ਲਾਘਾਯੋਗ ਹਨ ਸਾਨੂੰ ਆਪਣੀਆਂ ਵਿਦਿਆਰਥਣਾਂ ‘ਤੇ ਮਾਣ ਹੈ ।
ਰਣਜੋਧ ਸਿੰਘ ਨੇ ਇਹਨਾਂ ਵਿਦਿਆਰਥਣਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਖਤ ਮਿਹਨਤ ਤੇ ਲਗਨ ਦੇ ਨਾਲ ਆਪਣੇ ਇਰਾਦੇ ਨੂੰ ਦ੍ਰਿੜ ਕਰ ਕੇ ਵੱਖ ਵੱਖ ਖੇਤਰਾਂ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਅਸੀਂ ਇਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ।
ਇਸ ਮੌਕੇ ਸਾਰੀਆਂ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੇ ਪ੍ਰਿੰਸੀਪਲ ਪਹੁੰਚੇ। ਡਾ.ਨਿਰਮਲ ਜੌੜਾ, ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਨਰਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਮਨਜਿੰਦਰ ਕੌਰ, ਪ੍ਰਿੰ. ਚਮਕੌਰ ਸਿੰਘ ਜੀ ਵੀ ਇਸ ਸਮਾਗਮ ਵਿੱਚ ਪਹੁੰਚੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਅੰਤ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ।