ਲੁਧਿਆਣਾ : ਗਰਮੀਆਂ ਦੇ ਮੌਸਮ ‘ਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਦੀ ਲੋੜ ਬਣੀ ਰਹਿੰਦੀ ਹੈ। ਇਹ ਵਿਚਾਰ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ ਆਂਸਲ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮੱਛੀ ਦੇ ਤਲਾਬਾਂ ‘ਚ ਪਾਣੀ ਦਾ ਪੱਧਰ 6 ਫੁੱਟ ਦੇ ਕਰੀਬ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਪਾਣੀ ਦਾ ਤਾਪਮਾਨ ਥੱਲੇ ਵਾਲੇ ਹਿੱਸੇ ‘ਚ ਢੁਕਵਾਂ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਤਲਾਬਾਂ ਦੇ ਆਲੇ-ਦੁਆਲੇ ਰੁੱਖ ਲਗਾਉਣੇ ਵੀ ਇਕ ਕਾਰਗਰ ਤਰੀਕਾ ਹੈ। ਆਕਸੀਜਨ ਦਾ ਪੱਧਰ ਦਰੁਸਤ ਰੱਖਣ ਲਈ ਤਲਾਬਾਂ ਵਿਚ ਜਾਂ ਤਾਂ ਏਰੀਏਟਰ (ਪਾਣੀ ਹਿਲਾਉਣ ਵਾਲੀ ਮਸ਼ੀਨ) ਚਲਾਉਣਾ ਚਾਹੀਦਾ ਹੈ ਜਾਂ ਪਸ਼ੂਆਂ ਜਾਂ ਮਨੁੱਖਾਂ ਨੂੰ ਵਿਚ ਜਾ ਕੇ ਪਾਣੀ ਹਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੱਛੀ ਦੇ ਤਲਾਬ ਦਾ ਪਾਣੀ ਖੇਤਾਂ ਨੂੰ ਲਾ ਦੇਣਾ ਚਾਹੀਦਾ ਹੈ ਜੋ ਕਿ ਫ਼ਸਲਾਂ ਲਈ ਬੜਾ ਫ਼ਾਇਦੇ ਵਾਲਾ ਰਹਿੰਦਾ ਹੈ।
ਡਾ. ਮੀਰਾ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਾਅ ਵਾਸਤੇ ਸੰਭਲ ਕੇ ਚੱਲਣ ਤੇ ਪ੍ਰਹੇਜ਼ ਰੱਖਣ ਦੀ ਨੀਤੀ ਹੀ ਸਭ ਤੋਂ ਚੰਗੀ ਨੀਤੀ ਹੈ। ਪਾਣੀ ਨੂੰ ਸਾਫ਼ ਰੱਖਣ ਲਈ ਚੂਨਾ, ਲਾਲ ਦਵਾਈ ਜਾਂ ਸੀਫੈਕਸ ਦੀ ਵਰਤੋਂ ਮਾਹਿਰਾਂ ਦੀ ਰਾਏ ਮੁਤਾਬਿਕ ਕਰਨੀ ਚਾਹੀਦੀ ਹੈ। ਜੇਕਰ ਕੋਈ ਸਿਹਤ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਮਾਹਿਰ ਡਾਕਟਰ ਨਾਲ ਇਲਾਜ ਸੰਬੰਧੀ ਸੰਪਰਕ ਕਰਨਾ ਚਾਹੀਦਾ ਹੈ।